Iran ਨਾਲ ਰਿਸ਼ਤੇ ਹੋ ਰਹੇ ਨੇ ਪ੍ਰੋਫੈਸ਼ਨਲ, ਪਰ ਪਰਮਾਣੂ ਹਥਿਆਰਾਂ ‘ਤੇ ਕੋਈ ਸਮਝੌਤਾ ਨਹੀਂ: Donald Trump

author
0 minutes, 1 second Read

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨਾਲ ਹੋਣ ਵਾਲੀ ਸੰਭਾਵਿਤ ਡੀਲ ਨੂੰ ਲੈ ਕੇ ਐਤਵਾਰ ਨੂੰ ਇੱਕ ਅਹਿਮ ਐਲਾਨ ਕੀਤਾ ਹੈ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨਾਲ ਹੋਣ ਵਾਲੀ ਸੰਭਾਵਿਤ ਡੀਲ ਨੂੰ ਲੈ ਕੇ ਐਤਵਾਰ ਨੂੰ ਇੱਕ ਅਹਿਮ ਐਲਾਨ ਕੀਤਾ ਹੈ। ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਟਰੰਪ ਨੇ ਸਪੱਸ਼ਟ ਕੀਤਾ ਕਿ ਜਿੰਨਾ ਚਿਰ ਕੋਈ ਅਧਿਕਾਰਤ ਸਮਝੌਤਾ ਨਹੀਂ ਹੋ ਜਾਂਦਾ, ਉਸ ਦੀ ਪੁਸ਼ਟੀ ਨਹੀਂ ਹੁੰਦੀ ਅਤੇ ਹਸਤਾਖਰ ਨਹੀਂ ਕੀਤੇ ਜਾਂਦੇ, ਉਦੋਂ ਤੱਕ ਈਰਾਨ ਵਿਰੁੱਧ ਨਾਕਾਬੰਦੀ ਪੂਰੀ ਤਰ੍ਹਾਂ ਲਾਗੂ ਰਹੇਗੀ। ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਨੂੰ ਆਪਣਾ ਸਮਾਂ ਲੈਣਾ ਚਾਹੀਦਾ ਹੈ ਤਾਂ ਜੋ ਇਸ ਨੂੰ ਸਹੀ ਤਰੀਕੇ ਨਾਲ ਨੇਪਰੇ ਚਾੜ੍ਹਿਆ ਜਾ ਸਕੇ, ਕਿਉਂਕਿ ਇਸ ਵਿੱਚ ਕਿਸੇ ਵੀ ਗਲਤੀ ਦੀ ਕੋਈ ਗੁੰਜਾਇਸ਼ ਨਹੀਂ ਹੈ।

ਪੇਸ਼ੇਵਰ ਰਿਸ਼ਤੇ ਅਤੇ ਪਰਮਾਣੂ ਹਥਿਆਰਾਂ ‘ਤੇ ਰੋਕ

ਰਾਸ਼ਟਰਪਤੀ ਟਰੰਪ ਨੇ ਦੱਸਿਆ ਕਿ ਈਰਾਨ ਨਾਲ ਗੱਲਬਾਤ ਸਹੀ ਦਿਸ਼ਾ ਵਿੱਚ ਅਤੇ ਉਸਾਰੂ ਤਰੀਕੇ ਨਾਲ ਚੱਲ ਰਹੀ ਹੈ। ਉਨ੍ਹਾਂ ਨੇ ਆਪਣੇ ਪ੍ਰਤੀਨਿਧੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਕਿਸੇ ਵੀ ਡੀਲ ਵਿੱਚ ਜਲਦਬਾਜ਼ੀ ਨਾ ਕਰਨ। ਟਰੰਪ ਨੇ ਕਿਹਾ, “ਈਰਾਨ ਨਾਲ ਸਾਡਾ ਰਿਸ਼ਤਾ ਹੁਣ ਬਹੁਤ ਜ਼ਿਆਦਾ ਪੇਸ਼ੇਵਰ ਅਤੇ ਲਾਹੇਵੰਦ ਹੁੰਦਾ ਜਾ ਰਿਹਾ ਹੈ। ਹਾਲਾਂਕਿ, ਉਨ੍ਹਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝਣੀ ਪਵੇਗੀ ਕਿ ਉਹ ਪਰਮਾਣੂ ਹਥਿਆਰ ਜਾਂ ਬੰਬ ਨਾ ਤਾਂ ਬਣਾ ਸਕਦੇ ਹਨ ਅਤੇ ਨਾ ਹੀ ਖਰੀਦ ਸਕਦੇ ਹਨ।”
ਟਰੰਪ ਨੇ ਮੱਧ ਪੂਰਬ ਦੇ ਦੇਸ਼ਾਂ ਦਾ ਉਨ੍ਹਾਂ ਦੇ ਸਹਿਯੋਗ ਲਈ ਧੰਨਵਾਦ ਕਰਦਿਆਂ ਉਮੀਦ ਜਤਾਈ ਕਿ ‘ਅਬਰਾਹਮ ਅਕੋਰਡਸ’ ਨਾਲ ਖੇਤਰ ਹੋਰ ਮਜ਼ਬੂਤ ਹੋਵੇਗਾ ਅਤੇ ਸ਼ਾਇਦ ਭਵਿੱਖ ਵਿੱਚ ਇਸਲਾਮਿਕ ਰਿਪਬਲਿਕ ਆਫ਼ ਈਰਾਨ ਵੀ ਇਸ ਵਿੱਚ ਸ਼ਾਮਲ ਹੋਣਾ ਚਾਹੇਗਾ। ਇਸ ਤੋਂ ਪਹਿਲਾਂ ਟਰੰਪ ਨੇ ‘Adios’ (ਅਲਵਿਦਾ) ਕੈਪਸ਼ਨ ਵਾਲੀ ਇੱਕ AI ਤਸਵੀਰ ਵੀ ਸਾਂਝੀ ਕੀਤੀ ਸੀ, ਜਿਸ ਵਿੱਚ ਇੱਕ ਅਮਰੀਕੀ ਡਰੋਨ ਈਰਾਨੀ ਜਹਾਜ਼ ਨੂੰ ਤਬਾਹ ਕਰਦਾ ਦਿਖਾਇਆ ਗਿਆ ਸੀ।

ਓਬਾਮਾ ਪ੍ਰਸ਼ਾਸਨ ‘ਤੇ ਨਿਸ਼ਾਨਾ

ਟਰੰਪ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ‘ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਾਇਆ ਕਿ ਓਬਾਮਾ ਪ੍ਰਸ਼ਾਸਨ ਨੇ ਈਰਾਨ ਨਾਲ ਸਭ ਤੋਂ ਖ਼ਰਾਬ ਡੀਲ ਕੀਤੀ ਸੀ, ਜੋ ਕਿ ਈਰਾਨ ਲਈ ਪਰਮਾਣੂ ਹਥਿਆਰ ਬਣਾਉਣ ਦਾ ਸਿੱਧਾ ਰਸਤਾ ਸੀ। ਉਨ੍ਹਾਂ ਲਿਖਿਆ ਕਿ ਉਹ ਡੀਲ ‘ਨੌਸਿਖੀਆ’ ਪ੍ਰਸ਼ਾਸਨ ਵੱਲੋਂ ਕੀਤੀ ਗਈ ਸੀ, ਪਰ ਮੌਜੂਦਾ ਟਰੰਪ ਪ੍ਰਸ਼ਾਸਨ ਅਜਿਹਾ ਨਹੀਂ ਹੋਣ ਦੇਵੇਗਾ।

ਨੇਤਨਯਾਹੂ ਅਤੇ ਪਾਕਿਸਤਾਨੀ ਫੌਜ ਮੁਖੀ ਨਾਲ ਗੱਲਬਾਤ

ਡੋਨਾਲਡ ਟਰੰਪ ਨੇ ਇਹ ਵੀ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਪਾਕਿਸਤਾਨੀ ਫੌਜ ਮੁਖੀ ਫੀਲਡ ਮਾਰਸ਼ਲ ਅਸੀਮ ਮੁਨੀਰ ਅਤੇ ਖਾੜੀ ਦੇਸ਼ਾਂ ਦੇ ਨੇਤਾਵਾਂ ਨਾਲ ਈਰਾਨ ਅਤੇ ਸ਼ਾਂਤੀ ਨਾਲ ਜੁੜੇ ‘ਮੈਮੋਰੰਡਮ ਆਫ ਅੰਡਰਸਟੈਂਡਿੰਗ”ਤੇ ਸਾਰਥਕ ਗੱਲਬਾਤ ਕੀਤੀ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਵੀ ਗੱਲ ਕੀਤੀ ਹੈ ਅਤੇ ਦਾਅਵਾ ਕੀਤਾ ਹੈ ਕਿ ਇੱਕ ਸਮਝੌਤੇ ‘ਤੇ ਕਾਫੀ ਹੱਦ ਤੱਕ ਸਹਿਮਤੀ ਬਣ ਚੁੱਕੀ ਹੈ, ਜਿਸ ਤਹਿਤ ਹੋਰਮੁਜ਼ ਸਟ੍ਰੇਟ ਨੂੰ ਮੁੜ ਖੋਲ੍ਹਿਆ ਜਾਵੇਗਾ।

ਮਾਰਕੋ ਰੂਬੀਓ ਵੱਲੋਂ ‘ਚੰਗੀ ਖ਼ਬਰ’ ਦੀ ਉਮੀਦ

ਭਾਰਤ ਦੇ ਚਾਰ ਦਿਨਾਂ ਦੌਰੇ ‘ਤੇ ਆਏ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਗਲੇ ਕੁਝ ਘੰਟਿਆਂ ਵਿੱਚ ਦੁਨੀਆ ਨੂੰ ਈਰਾਨ ਅਤੇ ਅਮਰੀਕਾ ਦਰਮਿਆਨ ਸ਼ਾਂਤੀ ਸਮਝੌਤੇ ਨੂੰ ਲੈ ਕੇ ਕੋਈ ‘ਚੰਗੀ ਖ਼ਬਰ’ ਮਿਲ ਸਕਦੀ ਹੈ।

ਅਮਰੀਕਾ ਆਪਣੀ ਗੱਲ ਤੋਂ ਪਿੱਛੇ ਹਟ ਰਿਹਾ ਹੈ: ਈਰਾਨ

ਦੂਜੇ ਪਾਸੇ ਈਰਾਨ ਨੇ ਅਮਰੀਕਾ ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਉਹ ਡਿਪਲੋਮੈਟਿਕ ਗੱਲਬਾਤ ਲਈ ਤਿਆਰ ਹਨ, ਪਰ ਅਮਰੀਕਾ ਵਾਰ-ਵਾਰ ਆਪਣੀ ਗੱਲ ਤੋਂ ਬਦਲ ਰਿਹਾ ਹੈ ਅਤੇ ਨਵੀਆਂ ਮੰਗਾਂ ਰੱਖ ਰਿਹਾ ਹੈ। ਈਰਾਨੀ ਅਧਿਕਾਰੀਆਂ ਨੇ ਕਿਹਾ ਕਿ ਅਮਰੀਕਾ MoU ਦੇ ਕੁਝ ਹਿੱਸਿਆਂ ਨੂੰ ਲੀਕ ਕਰ ਰਿਹਾ ਹੈ ਜੋ ਕਿ ਅਸਲੀਅਤ ਨਾਲ ਮੇਲ ਨਹੀਂ ਖਾਂਦੇ। ਉਨ੍ਹਾਂ ਅਨੁਸਾਰ ਅਮਰੀਕਾ ਵਿੱਚ ਜੋ ਕਿਹਾ ਜਾ ਰਿਹਾ ਹੈ, ਉਹ ਉਸ ਤੋਂ ਬਿਲਕੁਲ ਵੱਖਰਾ ਹੈ ਜਿਸ ‘ਤੇ ਤਹਿਰਾਨ ਵਿੱਚ ਪਾਕਿਸਤਾਨੀ ਫੌਜ ਮੁਖੀ ਅਸੀਮ ਮੁਨੀਰ ਨਾਲ ਸਹਿਮਤੀ ਬਣੀ ਸੀ। ਈਰਾਨ ਦਾ ਮੰਨਣਾ ਹੈ ਕਿ ਅਮਰੀਕਾ ਆਖਰੀ ਸਮੇਂ ‘ਤੇ ਆਪਣੇ ਫਾਇਦੇ ਲਈ ਤੈਅਸ਼ੁਦਾ ਸ਼ਰਤਾਂ ਤੋਂ ਭਟਕਣ ਦੀ ਕੋਸ਼ਿਸ਼ ਕਰ ਰਿਹਾ ਹੈ।

Similar Posts

Leave a Reply

Your email address will not be published. Required fields are marked *