ਬਲੈਕਆਉਟ ਮੌਕ ਡ੍ਰਿਲ ਦੇ ਹੁਕਮਾਂ ਦੀ ਨਹੀਂ ਹੋਈ ਪਾਲਣਾ, ਲੋਕ ਕਰਦੇ ਰਹੇ ਇੰਤਜ਼ਾਰ; ਪ੍ਰਸ਼ਾਸਨ ਵੱਲੋਂ ਨਹੀਂ ਹੋਈ ਕੋਈ ਕਾਰਵਾਈ

author
0 minutes, 0 seconds Read

ਗੁਰਦਾਸਪੁਰ,28 ਨਵੰਬਰ 2026 : ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਦੀਆਂ ਤਿਆਰੀਆਂ ਨੂੰ ਪਰਖਣ ਲਈ 27 ਨਵੰਬਰ ਦੀ ਰਾਤ 8 ਵਜੇ ਤੋਂ 8:30 ਵਜੇ ਤੱਕ ਗੁਰਦਾਸਪੁਰ ਜ਼ਿਲ੍ਹੇ ਵਿੱਚ ਬਲੈਕਆਉਟ ਮੌਕ ਡ੍ਰਿਲ ਕਰਵਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ। ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ ਵੱਲੋਂ ਲੋਕਾਂ ਨੂੰ ਇਸ ਸਬੰਧੀ ਪਹਿਲਾਂ ਹੀ ਜਾਣਕਾਰੀ ਦੇ ਦਿੱਤੀ ਗਈ ਸੀ।

ਨਿਰਦੇਸ਼ਾਂ ਮੁਤਾਬਕ ਮੌਕ ਡ੍ਰਿਲ ਦੌਰਾਨ ਲੋਕਾਂ ਨੂੰ ਘਰਾਂ ਦੇ ਇਨਵਰਟਰ ਅਤੇ ਜਨਰੇਟਰ ਬੰਦ ਰੱਖਣ ਦੇ ਨਾਲ-ਨਾਲ ਸੀਸੀਟੀਵੀ ਕੈਮਰੇ ਵੀ ਬੰਦ ਕਰਨ ਦੀ ਅਪੀਲ ਕੀਤੀ ਗਈ ਸੀ, ਤਾਂ ਜੋ ਨਿਰਧਾਰਤ ਸਮੇਂ ਦੌਰਾਨ ਪੂਰਾ ਬਲੈਕਆਉਟ ਯਕੀਨੀ ਬਣਾਇਆ ਜਾ ਸਕੇ। ਇਸ ਤੋਂ ਇਲਾਵਾ ਸੜਕਾਂ ‘ਤੇ ਆਵਾਜਾਈ ਰੋਕਣ ਅਤੇ ਪਿੰਡਾਂ ਸਮੇਤ ਵੱਖ-ਵੱਖ ਇਲਾਕਿਆਂ ਵਿੱਚ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਕਰਨ ਦੀ ਯੋਜਨਾ ਸੀ।

ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਨਿਰਧਾਰਤ ਸਮਾਂ ਲੰਘ ਜਾਣ ਦੇ ਬਾਵਜੂਦ ਗੁਰਦਾਸਪੁਰ ਜ਼ਿਲ੍ਹੇ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਮੌਕ ਡ੍ਰਿਲ ਹੁੰਦੀ ਨਜ਼ਰ ਨਹੀਂ ਆਈ। ਬਟਾਲਾ ਸ਼ਹਿਰ ਨੂੰ ਛੱਡ ਕੇ ਹੋਰ ਥਾਵਾਂ ‘ਤੇ ਵੀ ਕੋਈ ਖਾਸ ਸਰਗਰਮੀ ਨਹੀਂ ਦਿਖਾਈ ਦਿੱਤੀ।

ਦੂਜੇ ਪਾਸੇ, ਮੌਕ ਡ੍ਰਿਲ ਦੀ ਜਾਣਕਾਰੀ ਮਿਲਣ ਕਾਰਨ ਲੋਕਾਂ ਨੇ ਪਹਿਲਾਂ ਹੀ ਤਿਆਰੀਆਂ ਕਰ ਲਈਆਂ ਸਨ। ਕਈ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਸਮੇਂ ਤੋਂ ਪਹਿਲਾਂ ਬੰਦ ਕਰ ਦਿੱਤੀਆਂ, ਜਦਕਿ ਕੁਝ ਲੋਕਾਂ ਨੇ ਬਿਜਲੀ ਬੰਦ ਹੋਣ ਦੇ ਮੱਦੇਨਜ਼ਰ ਪਾਣੀ ਦੀਆਂ ਟੈਂਕੀਆਂ ਵੀ ਭਰ ਲਈਆਂ।

ਲੋਕਾਂ ਦਾ ਕਹਿਣਾ ਸੀ ਕਿ ਜਦੋਂ ਪ੍ਰਸ਼ਾਸਨ ਵੱਲੋਂ ਮੌਕ ਡ੍ਰਿਲ ਲਈ ਪਹਿਲਾਂ ਹੀ ਐਲਾਨ ਕੀਤਾ ਗਿਆ ਸੀ ਤਾਂ ਇਸ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਿਉਂ ਨਹੀਂ ਕੀਤਾ ਗਿਆ। ਇਸ ਕਾਰਨ ਲੋਕਾਂ ਵਿੱਚ ਕੁਝ ਸਮੇਂ ਲਈ ਭੰਬਲਭੂਸੇ ਦੀ ਸਥਿਤੀ ਬਣੀ ਰਹੀ।

Similar Posts

Leave a Reply

Your email address will not be published. Required fields are marked *