ਪੰਜਾਬ ਸਰਕਾਰ ਵੱਲੋਂ ਬੱਚਿਆਂ ਦੀ ਤਸਕਰੀ ਅਤੇ ਭੀਖ ਮੰਗਵਾਉਣ ਵਾਲੇ ਗਿਰੋਹ ਦੇ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ| ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਨੇ ਸੜਕਾਂ ‘ਤੇ ਭੀਖ ਮੰਗਦੇ ਬੱਚਿਆਂ ਦੀ ਪਛਾਣ ਅਤੇ ਸੁਰੱਖਿਆ ਲਈ ਡੀਐਨਏ ਟੈਸਟ ਕਰਨ ਦੀ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ|ਭੀਖ ਮੰਗਣ ਵਾਲੇ ਰੈਕੇਟਾਂ ਨੂੰ ਰੋਕਣ ਲਈ ਸੂਬਾ ਸਰਕਾਰ ਨੇ ‘ਪ੍ਰੋਜੈਕਟ ਜੀਵਨਜੋਤ 2.0’ ਸ਼ੁਰੂ ਕੀਤਾ ਹੈ|
ਪੰਜਾਬ ਸਰਕਾਰ ਨੇ ਹੁਣ ਤੱਕ ਆਪਣੇ ਪ੍ਰੋਜੈਕਟ ਜੀਵਨਜੋਤ ਅਤੇ ਜੀਵਨਜੋਤ 2.0 ਤਹਿਤ 704 ਬੱਚਿਆਂ ਨੂੰ ਬਾਲ ਭੀਖ ਮੰਗਣ ਵਾਲਿਆਂ ਦੇ ਚੁੰਗਲ ਤੋਂ ਬਚਾਇਆ ਹੈ, ਇਹ ਪ੍ਰੋਜੈਕਟ ਬਾਲ ਸੁਰੱਖਿਆ ਦੇ ਖੇਤਰ ‘ਚ ਪੰਜਾਬ ਸਰਕਾਰ ਦੇ ਪ੍ਰੇਰਕ ਯਤਨ ਦੀ ਸ਼ਾਨਦਾਰ ਮਿਸਾਲ ਹੈ|
ਸਰਕਾਰ ਦਾ ਉਦੇਸ਼ ਇਹ ਪਤਾ ਲਗਾਉਣਾ ਹੈ ਕਿ ਜਿਹੜੇ ਬੱਚੇ ਸੜਕਾਂ ਜਾਂ ਚੌਰਾਹਿਆਂ ‘ਤੇ ਵੱਡਿਆਂ ਨਾਲ ਭੀਖ ਮੰਗਦੇ ਮਿਲਦੇ ਹਨ, ਉਹ ਅਸਲ ‘ਚ ਉਨ੍ਹਾਂ ਦੇ ਪਰਿਵਾਰਕ ਮੈਂਬਰ ਹਨ ਜਾਂ ਨਹੀਂ|ਕਈ ਮਾਮਲਿਆਂ ‘ਚ ਬੱਚਿਆਂ ਦੀ ਤਸਕਰੀ ਅਤੇ ਸ਼ੋਸ਼ਣ ਦੇ ਖ਼ਤਰੇ ਸਾਹਮਣੇ ਆਏ ਹਨ, ਜਿਸ ਕਾਰਨ ਇਹ ਕਦਮ ਚੁੱਕਿਆ ਗਿਆ ਹੈ|
‘ਪ੍ਰੋਜੈਕਟ ਜੀਵਨਜੋਤ 2’ ਤਹਿਤ ਪੰਜਾਬ ਸਰਕਾਰ ਨੇ ਪਿਛਲੇ ਮਹੀਨਿਆਂ ‘ਚ ਸੈਂਕੜਿਆ ਬੱਚਿਆਂ ਨੂੰ ਸੜਕਾਂ ਤੋਂ ਬਚਾ ਕੇ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਇਆ ਅਤੇ ਕਈਆਂ ਨੂੰ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ‘ਚ ਦਾਖ਼ਲ ਕਰਵਾਇਆ|
ਇਸ ਪਹਿਲਕਦਮੀ ਦੇ ਤਹਿਤ, ਬਚਾਏ ਗਏ ਬੱਚਿਆਂ ਅਤੇ ਉਨ੍ਹਾਂ ਦੇ ਨਾਲ ਆਉਣ ਵਾਲੇ ਬਾਲਗਾਂ ਦੇ ਸਬੰਧਾਂ ਦੀ ਪੁਸ਼ਟੀ ਕਰਨ ਲਈ ਡੀਐਨਏ ਟੈਸਟ ਕੀਤੇ ਜਾਂਦੇ ਹਨ|ਜੇਕਰ ਡੀਐਨਏ ਨਤੀਜੇ ਮੇਲ ਨਹੀਂ ਖਾਂਦੇ, ਤਾਂ ਅਪਰਾਧੀਆਂ ਵਿਰੁੱਧ ਐਫਆਈਆਰ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ|
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਕਹਿਣਾ ਹੈ ਕਿ ਸੂਬੇ ਦੇ ਹਰ ਬੱਚੇ ਨੂੰ ਸੁਰੱਖਿਅਤ ਅਤੇ ਸਿੱਖਿਆ ਯੁਕਤ ਜੀਵਨ ਦੇਣਾ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ|ਜਿਸ ਲਈ ਬੱਚਿਆਂ ਦੇ ਸ਼ੋਸ਼ਣ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ|ਡੀਐਨਏ ਟੈਸਟ ਦੇ ਲਈ ਬੱਸ ਸਟੈਂਡ, ਰੇਲਵੇ ਸਟੇਸ਼ਨ ਤੇ ਹੋਰ ਥਾਵਾਂ ‘ਤੇ ਵਿਸ਼ੇਸ਼ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਹਨ|
ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਬੱਚੇ, ਜਾਂ ਵਿਅਕਤੀ ਨੂੰ ਭੀਖ ਨਾ ਦਿੱਤੀ ਜਾਵੇ ਅਤੇ ਜੇਕਰ ਕੋਈ ਬੱਚਾ ਕਿਤੇ ਵੀ ਭੀਖ ਮੰਗਦਾ ਦਿਖਾਈ ਦਿੰਦਾ ਹੈ, ਤਾਂ ਤੁਰੰਤ ਹੀ 1098 ਚਾਈਲਡ ਹੈਲਪਲਾਈਨ ਨੂੰ ਸੂਚਿਤ ਕੀਤਾ ਜਾਵੇ, ਤਾਂ ਜੋ ਉਸ ਬੱਚੇ ਨੂੰ ਤੁਰੰਤ ਸੁਰੱਖਿਆ, ਦੇਖਭਾਲ ਅਤੇ ਉੱਜਵਲ ਭਵਿੱਖ ਪ੍ਰਦਾਨ ਕੀਤਾ ਜਾ ਸਕੇ|
