ਏਅਰ ਇੰਡੀਆ ਦਾ ਯਾਤਰੀ ਹਵਾਈ ਜਹਾਜ਼ ਅੱਜ ਗੁਜਰਾਤ ਦੇ ਅਹਿਮਦਾਬਾਦ ‘ਚ ਹਾਦਸਾਗ੍ਰਸਤ ਹੋ ਗਿਆ। ਇਸ ‘ਚ ਪੰਜਾਬ ਭਾਜਪਾ ਦੇ ਇੰਚਾਰਜ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਨੀ ਦੀ ਮੌਤ ਹੋ ਗਈ। ਰੁਪਾਨੀ 3 ਸਾਲ ਤੱਕ ਪੰਜਾਬ ਅਤੇ ਚੰਡੀਗੜ੍ਹ ਭਾਜਪਾ ਦੇ ਇੰਚਾਰਜ ਰਹੇ। ਉਨ੍ਹਾਂ ਨੇ 3 ਦਿਨ ਪਹਿਲਾਂ ਲੁਧਿਆਣਾ ਦੇ ਪੱਛਮੀ ਹਲਕੇ ਦੀ ਜ਼ਿਮਨੀ ਚੋਣ ‘ਚ ਪਾਰਟੀ ਉਮੀਦਵਾਰ ਜੀਵਨ ਗੁਪਤਾ ਲਈ ਪ੍ਰਚਾਰ ਕੀਤਾ ਸੀ।
ਪੰਜਾਬ ਭਾਜਪਾ ਦੇ ਮੁਖੀ ਸੁਨੀਲ ਜਾਖੜ ਨੇ ਕਿਹਾ ਕਿ ਇਹ ਜਾਣ ਕੇ ਬਹੁਤ ਦੁੱਖ ਹੋਇਆ ਕਿ ਵਿਜੇ ਰੁਪਾਨੀ ਅੱਜ ਅਹਿਮਦਾਬਾਦ ‘ਚ ਹਾਦਸਾਗ੍ਰਸਤ ਹੋਏ ਏਅਰ ਇੰਡੀਆ ਦੇ ਬਦਕਿਸਮਤ ਜਹਾਜ਼ ‘ਚ ਸਵਾਰ ਸਨ। ਗੁਜਰਾਤ ਦੇ ਮੁੱਖ ਮੰਤਰੀ ਵਜੋਂ ਉਨ੍ਹਾਂ ਦਾ ਯੋਗਦਾਨ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਹ ਇੱਕ ਨਿਮਰ, ਦਿਆਲੂ ਇਨਸਾਨ ਅਤੇ ਜ਼ਮੀਨੀ ਪੱਧਰ ਦੇ ਆਗੂ ਸਨ। ਮੈਨੂੰ ਉਨ੍ਹਾਂ ਨਾਲ ਜੁੜਨ ਦਾ ਸੁਭਾਗ ਪ੍ਰਾਪਤ ਹੋਇਆ ਕਿਉਂਕਿ ਉਹ ਪੰਜਾਬ ਭਾਜਪਾ ਦੇ ਇੰਚਾਰਜ ਸਨ। ਗੁਜਰਾਤ ਨੇ ਨਾ ਸਿਰਫ਼ ਉਨ੍ਹਾਂ ਦੇ ਰੂਪ ‘ਚ ਇੱਕ ਮਹਾਨ ਆਗੂ ਗੁਆ ਦਿੱਤਾ ਹੈ, ਸਗੋਂ ਇਹ ਮੇਰੇ ਲਈ ਇੱਕ ਨਿੱਜੀ ਘਾਟਾ ਹੈ, ਕਿਉਂਕਿ ਮੈਨੂੰ ਉਨ੍ਹਾਂ ਦਾ ਕੋਮਲ ਵਿਵਹਾਰ ਬਹੁਤ ਪਿਆਰਾ ਲੱਗਿਆ। ਉਨ੍ਹਾਂ ਦੀ ਘਾਟ ਮਹਿਸੂਸ ਰਹੇਗੀ।
ਇਸ ਤੋਂ ਪਹਿਲਾਂ 3 ਜੂਨ ਨੂੰ ਪਾਰਟੀ ਉਮੀਦਵਾਰ ਜੀਵਨ ਗੁਪਤਾ ਦੀ ਨਾਮਜ਼ਦਗੀ ਦਾਖਲ ਕੀਤੀ ਗਈ ਸੀ। ਉਹ 9 ਜੂਨ ਨੂੰ ਲੁਧਿਆਣਾ ਤੋਂ ਗੁਜਰਾਤ ਲਈ ਰਵਾਨਾ ਹੋਏ ਸਨ। ਭਾਜਪਾ ਆਗੂ ਉਨ੍ਹਾਂ ਨੂੰ ਹਵਾਈ ਅੱਡੇ ‘ਤੇ ਛੱਡਣ ਆਏ ਸਨ। ਪਹਿਲੀ ਵਾਰ ਭਾਜਪਾ ਨੇ 9 ਸਤੰਬਰ 2022 ਨੂੰ ਵਿਜੇ ਰੂਪਾਨੀ ਨੂੰ ਪੰਜਾਬ ਦਾ ਇੰਚਾਰਜ ਨਿਯੁਕਤ ਕੀਤਾਗ ਗਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਚੰਡੀਗੜ੍ਹ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ। ਇਸ ਤੋਂ ਬਾਅਦ ਜੁਲਾਈ 2024 ‘ਚ ਉਨ੍ਹਾਂ ਨੂੰ ਮੁੜ ਪੰਜਾਬ ਅਤੇ ਚੰਡੀਗੜ੍ਹ ਦੇ ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ ਗਈ।