ਪੰਜਾਬ ਸਰਕਾਰ ਵੱਲੋਂ ਦੁੱਧ ‘ਚ ਮਿਲਾਵਟਖੋਰੀ ਨਾਲ ਨਜਿੱਠਣ ਲਈ ‘ਸ਼ੁੱਧ ਦੁੱਧ’ ਮੁਹਿੰਮ ਦੀ ਸ਼ੁਰੂਆਤ

author
0 minutes, 2 seconds Read

ਚੰਡੀਗੜ੍ਹ, 04 ਜੁਲਾਈ 2026: ਪੰਜਾਬ ਸਰਕਾਰ ਨੇ ‘ਸ਼ੁੱਧ ਦੁੱਧ, ਤੰਦਰੁਸਤ ਪੰਜਾਬ’ ਮੁਹਿੰਮ ਤਹਿਤ ਦੁੱਧ ‘ਚ ਮਿਲਾਵਟਖੋਰੀ ਨਾਲ ਨਜਿੱਠਣ ਅਤੇ ਦੁੱਧ ਦੀ ਗੁਣਵੱਤਾ ਬਾਰੇ ਜਾਗਰੂਕ ਕਰਨ ਲਈ ਇੱਕ ਟੋਲ-ਫਰੀ ਹੈਲਪਲਾਈਨ 1800-180-2202 ਸ਼ੁਰੂ ਕੀਤਾ ਹੈ। ਇਸਦੇ ਨਾਲ ਹੀ ਇੱਕ ਨੋਡਲ ਅਫਸਰ ਤਾਇਨਾਤ ਕੀਤਾ ਹੈ।

ਇਸ ਮੁਹਿੰਮ ਸਬੰਧੀ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੇਅਰੀ ਵਿਕਾਸ ਵਿਭਾਗ ਨੇ 1 ਅਪ੍ਰੈਲ 2026 ਤੋਂ ਹੁਣ ਤੱਕ 160 ਕੈਂਪਾਂ ‘ਚ 6000 ਦੁੱਧ ਦੇ ਨਮੂਨਿਆਂ ਦੀ ਜਾਂਚ ਕੀਤੀ ਹੈ।

ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਘਰ-ਘਰ ਜਾ ਕੇ ਟੈਸਟਿੰਗ ਕਰਨ ਲਈ ਚਾਰ ਮੋਬਾਈਲ ਲੈਬਾਰਟਰੀ ਵੈਨਾਂ ਪਹਿਲਾਂ ਹੀ ਕਾਰਜਸ਼ੀਲ ਹਨ ਅਤੇ 5 ਹੋਰ ਅਜਿਹੀਆਂ ਵੈਨਾਂ ਵਿਭਾਗ ‘ਚ ਸ਼ਾਮਲ ਕੀਤੀਆਂ ਜਾ ਰਹੀਆਂ ਹਨ। ਪੰਜਾਬ ਭਰ ‘ਚ ਜ਼ਿਲ੍ਹਾ ਡਿਪਟੀ ਡਾਇਰੈਕਟਰ ਦਫ਼ਤਰਾਂ ‘ਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਰੁਟੀਨ ਟੈਸਟਿੰਗ ਵੀ ਕੀਤੀ ਜਾਂਦੀ ਹੈ।

ਸਰਕਾਰ ਮੁਤਾਬਕ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਸਹਿਯੋਗ ਨਾਲ, ਸੰਬੰਧਿਤ ਵਿਭਾਗ ਨੇ ਜ਼ਿਲ੍ਹਾ ਡੇਅਰੀ ਵਿਕਾਸ ਦਫ਼ਤਰਾਂ ਲਈ ਦੁੱਧ ’ਚ ਮਿਲਾਵਟ ਦੀ ਜਾਂਚ ਕਰਨ ਵਾਲੀਆਂ 5000 ਪੋਰਟੇਬਲ ਕਿੱਟਾਂ, ਪਸ਼ੂ ਪਾਲਣ ਵਿਭਾਗ ਦੇ ਵੈਟਰਨਰੀ ਪੌਲੀਕਲੀਨਿਕਾਂ ਅਤੇ ਜਾਗਰੂਕਤਾ ਕੈਂਪ ਸਾਈਟਾਂ ਲਈ 500 ਕਿੱਟਾਂ ਖ਼ਰੀਦੀਆਂ ਅਤੇ ਵੰਡੀਆਂ ਹਨ।

ਇਨ੍ਹਾਂ ਕਿੱਟਾਂ ਰਾਹੀਂ ਫੈਟ, ਐਸ.ਐਨ.ਐਫ., ਪ੍ਰੋਟੀਨ ਦੇ ਨਾਲ-ਨਾਲ ਯੂਰੀਆ, ਸਟਾਰਚ ਅਤੇ ਹਾਈਡ੍ਰੋਜਨ ਪਰਆਕਸਾਈਡ ਵਰਗੇ ਮਿਲਾਵਟੀ ਪਦਾਰਥਾਂ ਦੀ ਮੌਕੇ ’ਤੇ ਹੀ ਜਾਂਚ ਕੀਤੀ ਜਾ ਸਕਦੀ ਹੈ ਤਾਂ ਜੋ ਕੈਂਪਾਂ ਅਤੇ ਦੌਰਿਆਂ ਦੌਰਾਨ ਅਧਿਕਾਰੀ ਅਤੇ ਕਿਸਾਨ ਤੁਰੰਤ ਦੁੱਧ ਦੀ ਗੁਣਵੱਤਾ ਦੀ ਪਰਖ ਕਰ ਸਕਣ। ਇਸ ਨਾਲ ਨਾ ਸਿਰਫ਼ ਕੇਂਦਰੀ ਲੈਬਾਂ ’ਤੇ ਨਿਰਭਰਤਾ ਘਟਦੀ ਹੈ ਸਗੋਂ ਮਿਲਾਵਟਖੋਰਾਂ ਖ਼ਿਲਾਫ ਕਾਰਵਾਈ ‘ਚ ਵੀ ਤੇਜ਼ੀ ਆਉਂਦੀ ਹੈ।

ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਮਿਲਾਵਟੀ ਦੁੱਧ ਖਪਤਕਾਰਾਂ ਦੀ ਸਿਹਤ ਨਾਲ ਸਿੱਧਾ ਖਿਲਵਾੜ ਹੈ ਅਤੇ ਇਸ ਨਾਲ ਡੇਅਰੀ ਦੇ ਕਿੱਤੇ ਨਾਲ ਜੁੜੇ ਕਿਸਾਨਾਂ ਦੀ ਆਮਦਨ ਵੀ ਪ੍ਰਭਾਵਿਤ ਹੁੰਦੀ ਹੈ। ਇਸ ਸਮੱਸਿਆ ਨਾਲ ਨਜਿੱਠਣ ਲਈ ਅਸੀਂ ਮੋਬਾਈਲ ਲੈਬਾਂ ਤਾਇਨਾਤ ਕੀਤੀਆਂ ਹਨ, ਟੈਸਟਿੰਗ ਕਿੱਟਾਂ ਵੰਡੀਆਂ ਹਨ ਅਤੇ ਸਿੱਧੇ ਜਨਤਕ ਫੀਡਬੈਕ ਲਈ ਇੱਕ ਟੋਲ-ਫਰੀ ਨੰਬਰ ਵੀ ਸ਼ੁਰੂ ਕੀਤਾ ਹੈ ਤਾਂ ਜੋ ਹਰ ਪੜਾਅ ’ਤੇ ਗੁਣਵੱਤਾ ਦੀ ਰਾਖੀ ਕੀਤੀ ਜਾ ਸਕੇ।

ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਨੇ ਕਿਹਾ ਕਿ ਨਾਗਰਿਕ ਹੁਣ ਸਾਰੇ ਜ਼ਿਲ੍ਹਾ ਡਿਪਟੀ ਡਾਇਰੈਕਟਰਾਂ ਦੇ ਦਫ਼ਤਰਾਂ ‘ਚ ਦੁੱਧ ਦੇ ਨਮੂਨਿਆਂ ਦੀ ਮੁਫ਼ਤ ਜਾਂਚ ਕਰਵਾ ਸਕਦੇ ਹਨ। ਇਸ ਮੁਹਿੰਮ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਸਟੇਟ ਨੋਡਲ ਅਫ਼ਸਰ ਮਨਦੀਪ ਸਿੰਘ ਨਾਲ 98784-41386 ਅਤੇ 0172-5027285 ਉਤੇ ਸੰਪਰਕ ਕੀਤਾ ਦਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਖਪਤਕਾਰਾਂ ਨੂੰ ਸੁਰੱਖਿਅਤ ਅਤੇ ਸ਼ੁੱਧ ਦੁੱਧ ਦੇ ਉਨ੍ਹਾਂ ਦੇ ਅਧਿਕਾਰ ਬਾਰੇ ਜਾਗਰੂਕ ਕਰਨ ਅਤੇ ਮਿਲਾਵਟਖੋਰੀ ਨੂੰ ਰੋਕਣ ਲਈ ਸੂਬੇ ਭਰ ‘ਚ ਵੱਡੇ ਪੱਧਰ ਉਤੇ ’ਸ਼ੁੱਧ ਦੁੱਧ, ਤੰਦਰੁਸਤ ਪੰਜਾਬ’ ਮੁਹਿੰਮ ਸ਼ੁਰੂ ਕੀਤੀ ਹੈ।

Similar Posts

Leave a Reply

Your email address will not be published. Required fields are marked *