ਅੰਮ੍ਰਿਤਸਰ ਵਿੱਚ ਹੋਈ ‘ਸਰਕਾਰ-ਸਨਅਤਕਾਰ ਮਿਲਣੀ’ ਵਿੱਚ ਮਾਝੇ ਦੇ ਵੱਡੇ ਸਨਅਤਕਾਰਾਂ ਅਤੇ ਉੱਦਮੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਸਿੱਧੀ ਵਿਚਾਰ-ਚਰਚਾ ਕੀਤੀ।
ਸੂਬਾ ਸਰਕਾਰ ਵੱਲੋਂ ਪੰਜਾਬ ਦੀ ਸਨਅਤ ਲਈ ਚੁੱਕੇ ਗਏ ਕਦਮਾਂ ਦੀ ਰੱਜਵੀਂ ਤਾਰੀਫ਼ ਕਰਦੇ ਹੋਏ ਉੱਦਮੀਆਂ ਨੇ ਕਿਹਾ ਕਿ ਪਹਿਲੀ ਵਾਰ ਵੇਖਿਆ ਗਿਆ ਹੈ ਕਿ ਸੱਤਾ ਪਰਿਵਰਤਨ ਦੇ ਨਾਲ ਵਿਵਸਥਾ ਵੀ ਬਦਲੀ ਹੈ।
ਹੈਦਰਾਬਾਦ ਤੋਂ ਆ ਕੇ ਭਿੱਖੀਵਿੰਡ ਵਿੱਚ ਆਈ.ਟੀ. ਕੰਪਨੀ ਸ਼ੁਰੂ ਕਰਨ ਵਾਲੇ ਉੱਦਮੀ ਵਿਕਰਮਜੀਤ ਸ਼ਰਮਾ ਨੇ ਕਿਹਾ, “ਮੇਰੇ ਪਿਤਾ ਮੈਨੂੰ ਵਿਦੇਸ਼ ਭੇਜਣ ਦੇ ਚਾਹਵਾਨ ਸਨ, ਪਰ ਮੈਂ ਇਕ ਮੌਕਾ ਮੰਗਿਆ ਸੀ, ਜੋ ਕਿ ਸਰਕਾਰ ਦੀ ਮਦਦ ਨਾਲ ਸਫ਼ਲ ਹੋਇਆ ਹੈ।” ਇਸ ਉੱਦਮੀ ਨੇ ਦੱਸਿਆ ਕਿ ਉਸ ਨੇ ਬਿਜਲੀ ਦੀ ਘੱਟ ਵੋਲਟੇਜ ਦੀ ਸ਼ਿਕਾਇਤ ਆਨਲਾਈਨ ਕੀਤੀ ਅਤੇ ਵਿਭਾਗ ਨੇ ਦਿਨਾਂ ਵਿੱਚ ਇਹ ਮਸਲਾ ਹੱਲ ਕਰ ਦਿੱਤਾ ਜਿਸ ਨਾਲ ਉਨ੍ਹਾਂ ਨੂੰ ਬਹੁਤ ਤਸੱਲੀ ਮਿਲੀ।
ਇਸੇ ਤਰ੍ਹਾਂ ਅੰਮ੍ਰਿਤਸਰ ਤੋਂ ਸੰਦੀਪ ਖੋਸਲਾ ਨੇ ਦੱਸਿਆ ਕਿ ਸੱਤਾ ਪਰਿਵਰਤਨ ਨਾਲ ਵਿਵਸਥਾ ਬਦਲਦੀ ਪਹਿਲੀ ਵਾਰ ਮਹਿਸੂਸ ਹੋਈ ਹੈ। ਉਨ੍ਹਾਂ ਦੱਸਿਆ ਕਿ 10 ਸਾਲ ਤੋਂ ਸਾਡੇ ਫੋਕਲ ਪੁਆਇੰਟ ਦੀ ਸਮੱਸਿਆ ਸੀ, ਜੋ ਕਿ ਇਸ ਸਰਕਾਰ ਨੇ 14 ਕਰੋੜ ਰੁਪਏ ਦੇ ਟੈਂਡਰ ਲਾ ਕੇ ਹੱਲ ਕਰਨ ਦਾ ਤਹੱਈਆ ਕੀਤਾ ਹੈ।
ਰਜੇਸ਼ ਕੁਮਾਰ ਲਾਡੀ ਜੋ ਕਿ ਪੁਰਾਣੇ ਫੋਕਲ ਪੁਆਇੰਟ ਤੋਂ ਸਨ, ਨੇ ਉਥੇ ਫਾਇਰ ਸਟੇਸ਼ਨ ਬਨਾਉਣ ਦੀ ਮੰਗ ਕੀਤੀ ਤਾਂ ਮੁੱਖ ਮੰਤਰੀ ਨੇ ਮੌਕੇ ਉਤੇ ਹੀ ਇਸ ਮਹੀਨੇ ਤੋਂ ਉਥੇ ਅੱਗ ਬੁਝਾਊ ਗੱਡੀਆਂ ਦੇਣ ਅਤੇ ਫਾਇਰ ਸਟੇਸ਼ਨ ਲਈ ਸਵਾ ਦੋ ਕਰੋੜ ਰੁਪਏ ਦਾ ਕੰਮ ਇਸ ਮਹੀਨੇ ਦੀ 20 ਤਾਰੀਖ ਤੋਂ ਸ਼ੁਰੂ ਕਰਨ ਦੀ ਹਦਾਇਤ ਕਰ ਦਿੱਤੀ।
ਨਵਲ ਗੁਪਤਾ ਨੇ ਫੋਕਲ ਪੁਆਇੰਟ ਵਿੱਚ ਉੱਦਮੀਆਂ ਤੇ ਕਾਮਿਆਂ ਦੀ ਸੁਰਖਿਆ ਲਈ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦੀ ਮੰਗ ਕੀਤੀ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 20 ਥਾਵਾਂ ਉਤੇ ਹਾਈ ਮੈਗਾ ਪਿਕਸਲ ਦੇ ਕੈਮਰੇ ਅਗਲੇ 35 ਦਿਨਾਂ ਵਿੱਚ ਲਗਾਉਣ ਦੀ ਹਦਾਇਤ ਕੀਤੀ।
ਇੰਪੀਰੀਅਲ ਬਾਇਓ ਸੈਨਰਜੀ ਦੇ ਉੱਦਮੀ ਵਿਜੈ ਕੁਮਾਰ ਨੇ ਦੱਸਿਆ ਕਿ ਉਹ ਮੱਧ ਪ੍ਰਦੇਸ਼ ਵਿੱਚ ਕੰਮ ਸ਼ੁਰੂ ਕਰਨ ਦੇ ਚਾਹਵਾਨ ਸਨ, ਪਰ ਸਰਕਾਰ ਦੀ ਹਾਂ-ਪੱਖੀ ਨੀਤੀ ਨੇ ਅਤੇ ਵਿਭਾਗ ਦੇ ਅਧਿਕਾਰੀਆਂ ਦੀ ਦਿਲੋਂ ਕੀਤੀ ਮਦਦ ਨੇ ਉਸ ਨੂੰ ਪੰਜਾਬ ਖਿੱਚ ਲਿਆਂਦਾ। ਵਰਲਡ ਵਾਈਡ ਫੂਡ ਦੇ ਸਰਬਜੀਤ ਭੁੱਲਰ ਨੇ ਦੱਸਿਆ ਕਿ ਅਸੀਂ ਲੰਮੇ ਸਮੇਂ ਤੋਂ ਸ਼ੈਲਰ ਲਾਉਣਾ ਚਾਹੁੰਦੇ ਸੀ, ਪਰ ਲੋਕ ਡਰਾ ਦਿੰਦੇ ਸਨ, ਪਰ ਹੁਣ ਜਦ ਪਹਿਲ ਕੀਤੀ ਤਾਂ ਸਾਰੇ ਕੰਮ ਦਿਨਾਂ ਵਿੱਚ ਹੀ ਹੋ ਗਏ। 15 ਦਿਨਾਂ ਵਿੱਚ ਹੀ ਗਰੀਨ ਅਸ਼ਟਾਮ ਮਿਲ ਗਿਆ, ਜਿਸ ਲਈ ਸਾਰੀਆਂ ਪਰਵਾਨਗੀਆਂ ਮਿਲ ਚੁੱਕੀਆਂ ਸਨ।
ਐਨ.ਸੀ.ਐਮ.ਐਲ. ਦੇ ਡਾਇਰੈਕਟਰ ਸੰਜੈ ਗੁਪਤਾ ਜੋ ਕਿ ਸਿੰਗਾਪੁਰ ਤੋਂ ਹਨ, ਨੇ ਦੱਸਿਆ ਕਿ ਪੰਜਾਬ ਦੇ ਅਨਾਜ ਭੰਡਾਰ ਅਤੇ ਸਰਕਾਰ ਦੀਆਂ ਨੀਤੀਆਂ ਸਾਨੂੰ ਪੰਜਾਬ ਖਿੱਚ ਲਿਆਈਆਂ ਅਤੇ ਹੁਣ ਅਸੀਂ ਬਟਾਲਾ ਅਤੇ ਛੇਹਰਟਾ ਵਿੱਚ ਅਨਾਜ ਭੰਡਾਰ ਲਈ ਵੱਡੇ ਸਾਇਲੋ ਲਗਾ ਰਹੇ ਹਾਂ। ਵਿਜੈ ਸ਼ਰਮਾ ਜੋ ਕਿ ਨੈਸ਼ਨਲ ਹੋਟਲ ਹੱਬ ਤੋਂ ਹਨ, ਨੇ ਦੱਸਿਆ ਕਿ ਸਰਕਾਰ ਦੀਆਂ ਨੀਤੀਆਂ ਸਦਕਾ ਉਹ ਹੋਟਲ ਸਨਅਤ ਵਿੱਚ 2000 ਕਰੋੜ ਰੁਪਏ ਦਾ ਨਿਵੇਸ਼ ਕਰ ਰਹੇ ਹਨ ।
ਵੇਵ ਬੈਵਰੇਜਸ ਦੇ ਅਧਿਕਾਰੀ ਹਰਸ਼ ਅਗਰਵਾਲ ਨੇ ਦੱਸਿਆ ਕਿ ਉਹ ਪਟਿਆਲਾ, ਅੰਮ੍ਰਿਤਸਰ ਵਿੱਚ ਆਪਣੇ ਪਲਾਟਾਂ ਦੇ ਵਿਸਥਾਰ ਦੇ ਨਾਲ-ਨਾਲ ਗੁਰਦਾਸਪੁਰ ਵਿੱਚ ਨਵਾਂ ਪਲਾਂਟ ਲਾ ਰਹੇ ਹਨ ਅਤੇ ਇਸ ਲਈ ਸਾਨੂੰ ਜਿਹੜੀ ਵੀ ਲੋੜ ਪਈ, ਵਿਭਾਗ ਨੇ ਦਿਨਾਂ ਵਿੱਚ ਹੀ ਪੂਰੀ ਕਰਕੇ ਸਾਡਾ ਹੌਂਸਲਾ ਵਧਾਇਆ।
ਲਾਲ ਕਿਲਾ ਬਾਸਮਤੀ ਵਾਲੇ ਰਵਿੰਦਰਪਾਲ ਸਿੰਘ ਨੇ ਸੂਬਾ ਸਰਕਾਰ ਵੱਲੋਂ ਬਾਸਮਤੀ ਉਪਰ ਪਾਬੰਦੀਸ਼ੁਦਾ ਕੀਟਨਾਸ਼ਕ ਵਰਤਣ ਉਤੇ ਲਾਈਆਂ ਰੋਕਾਂ ਲਈ ਧੰਨਵਾਦ ਕੀਤਾ ਅਤੇ ਕੇਂਦਰ ਸਰਕਾਰ ਵੱਲੋਂ ਬਾਸਮਤੀ ਦੇ ਬਰਾਮਦ ਉਤੇ ਲਾਈਆਂ ਰੋਕਾਂ ਬਾਬਤ ਦੱਸਿਆ ਤਾਂ ਮੁੱਖ ਮੰਤਰੀ ਨੇ ਹਾਜ਼ਰ ਸੰਸਦ ਮੈਂਬਰਾਂ ਨੂੰ ਸੈਸ਼ਨ ਵਿੱਚ ਮਸਲਾ ਉਠਾਉਣ ਦੇ ਨਾਲ ਨਾਲ ਕੇਂਦਰੀ ਮੰਤਰੀ ਨੂੰ ਪੱਤਰ ਲਿਖਣ ਲਈ ਕਿਹਾ ਤਾਂ ਜੋ ਬਾਸਮਤੀ ਅਸਾਨੀ ਨਾਲ ਬਰਾਮਦ ਹੋ ਸਕੇ।
ਟੈਕਸਟਾਈਲ ਐਸੋਸੀਏਸ਼ਨ ਦੇ ਪ੍ਰਧਾਨ ਕਿ੍ਸ਼ਨ ਕੁਮਾਰ ਸ਼ਰਮਾ ਨੇ ਮੁੱਖ ਮੰਤਰੀ ਵੱਲੋਂ ਸਨਅਤਕਾਰਾਂ ਨਾਲ ਕੀਤੀ ਮਿਲਣੀ ਦੀ ਪਹਿਲ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਅੰਮ੍ਰਿਤਸਰ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਮਿਲ ਰਿਹਾ ਹੈ, ਭ੍ਰਿਸ਼ਟਾਚਾਰ ਨੂੰ ਠੱਲ੍ਹ ਪਈ ਹੈ ਅਤੇ ਲੋਕ ਦੁਬਾਰਾ ਨਿਵੇਸ਼ ਵੱਲ ਮੁੜੇ ਹਨ। ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਏ.ਪੀ. ਐਸ ਚੱਠਾ ਨੇ ਸਰਕਾਰ ਵੱਲੋਂ ਸੈਰ-ਸਪਾਟੇ ਦੇ ਵਿਕਾਸ ਲਈ ਵੱਡੇ ਪੱਧਰ ਉਤੇ ਕੀਤੇ ਜਾ ਰਹੇ ਉਪਰਾਲਿਆਂ ਦੀ ਪ੍ਰਸੰਸਾ ਕੀਤੀ ਅਤੇ ਅੰਮ੍ਰਿਤਸਰ ਵਿੱਚ ਸੈਰ-ਸਪਾਟਾ ਵਿਭਾਗ ਲਈ ਇਕ ਨੋਡਲ ਅਧਿਕਾਰੀ ਲਾਉਣ ਦੀ ਮੰਗ ਵੀ ਕੀਤੀ।
ਅੰਮ੍ਰਿਤਸਰ ਵਾਲਡ ਸਿਟੀ ਦੇ ਅੰਦਰ ਸਥਿਤ ਹੋਟਲ ਮਾਲਕਾਂ ਨੇ ਆਪਣੀਆਂ ਮੰਗਾਂ ਲਈ ਮੁੱਖ ਮੰਤਰੀ ਨੂੰ ਮਿਲਣ ਦੀ ਇੱਛਾ ਪ੍ਰਗਟਾਈ ਤਾਂ ਮੁੱਖ ਮੰਤਰੀ ਨੇ ਮੌਕੇ ਉਪਰ ਹੀ 19 ਸਤੰਬਰ ਨੂੰ ਸਮਾਂ ਦੇ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਰਸਤੇ ਅਤੇ ਇਲਾਕੇ ਨੂੰ ਵਿਕਸਤ ਕਰਨਾ ਸਾਡਾ ਫ਼ਰਜ਼ ਹੈ ਅਤੇ ਉਹ ਇਸ ਨੂੰ ਸੇਵਾ ਸਮਝ ਕਰਨਗੇ।