ਕੇਂਦਰੀ ਬਜਟ ਦਾ ਖੇਤੀਬਾੜੀ ਅਤੇ ਪੰਜਾਬ ਪ੍ਰਤੀ ਰੁੱਖ ਬਹੁਤ ਨਿਰਾਸ਼ਾਜਨਕ: ਸੰਧਵਾਂ

0 minutes, 0 seconds Read

ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੰਗਲਵਾਰ ਨੂੰ ਕੇਂਦਰੀ ਬਜਟ ਨੂੰ ਸਮਾਜ ਦੇ ਸਾਰੇ ਵਰਗਾਂ ਲਈ ਵੱਡੀ ਨਿਰਾਸ਼ਾ ਕਰਾਰ ਦਿੰਦਿਆਂ ਕਿਹਾ ਕਿ ਅੱਜ ਐਲਾਨੇ ਕੇਂਦਰੀ ਬਜਟ ਵਿੱਚ ਦੇਸ਼ ਦੇ ਧੁਰੇ ਵਜੋਂ ਜਾਣੇ ਜਾਂਦੇ ਪੰਜਾਬ ਅਤੇ ਖੇਤੀਬਾੜੀ ਨੂੰ ਪੂਰੀ ਤਰ੍ਹਾਂ ਅਣਗੌਲਿਆ ਅਤੇ ਅੱਖੋਂ ਪਰੋਖੇ ਕਰ ਦਿੱਤਾ ਗਿਆ ਹੈ।

ਦੇਸ਼ ਭਰ ’ਚ ਖੇਤੀਬਾੜੀ ਦੀ ਸਹਾਇਤਾ ਅਤੇ ਪੁਨਰ ਸੁਰਜੀਤੀ ਜਿਹੀਆਂ ਅਤਿ ਜ਼ਰੂਰੀ ਲੋੜਾਂ ਪ੍ਰਤੀ ਅਜਿਹੇ ਗ਼ੈਰ-ਜ਼ਿੰਮੇਵਾਰਾਨਾ ਤੇ ਨਿਰਾਸ਼ਾਜਨਕ ਰੁੱਖ ’ਤੇ ਸਖ਼ਤ ਪ੍ਰਤੀਕਿਰਿਆ ਦਿੰਦੇ ਹੋਏ, ਸ. ਸੰਧਵਾਂ ਨੇ ਕਿਹਾ ਕਿ ਨਿਰਮਲਾ ਸੀਤਾਰਮਨ ਦੁਆਰਾ ਪੇਸ਼ ਕੀਤਾ ਗਿਆ ਬਜਟ ਮਹਿਜ਼ ਰਸਮੀ ਕਾਰਵਾਈ ਹੈ ਅਤੇ ਇਹ ਦਸਤਾਵੇਜ਼ ਕਿਸੇ ਵੀ ਪੱਖ ਤੋਂ ਸਾਕਾਰਾਤਮਕ ਉਪਾਵਾਂ ਦਾ ਧਾਰਕ ਨਹੀਂ ਦਿਸਦਾ।

ਸੀਨੀਅਰ ਆਗੂ ਨੇ ਸਵਾਲ ਚੁੱਕਦਿਆਂ ਕਿਹਾ ਕਿ ਦੂਜੇ ਰਾਜਾਂ ਨੂੰ ਵਿੱਤੀ ਪੈਕੇਜ ਦੇਣ ਵਾਲੀ ਕੇਂਦਰ ਸਰਕਾਰ ਨੇ ਪੰਜਾਬ ਦੀਆਂ ਲੋੜਾਂ ਅਤੇ ਆਸਾਂ ਨੂੰ ਇਸ ਤਰ੍ਹਾਂ ਦਰਕਿਨਾਰ ਕਿਉਂ ਕਰ ਦਿੱਤਾ ਹੈ ? ਸ. ਸੰਧਵਾਂ ਨੇ ਕਿਹਾ ਕਿ ਪੰਜਾਬੀਆਂ ਨੇ ਦੇਸ਼ ਲਈ ਆਪਣਾ ਖੂਨ ਡੋਲ੍ਹਿਆ ਹੈ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਪੂਰੇ ਦੇਸ਼ ਲਈ ਪ੍ਰੇਰਨਾ ਸਰੋਤ ਹਨ।  ਇਹ ਪੰਜਾਬ ਹੀ ਸੀ ਜਿਨਾਂ ਨੇ ਉਸ ਔਖੀ ਘੜੀ ਵਿੱਚ ਹਰੀ ਕ੍ਰਾਂਤੀ ਰਾਹੀਂ ਦੇਸ਼ ਦਾ ਢਿੱਡ ਭਰਿਆ ਸੀ।

ਬਜਟ ਨੂੰ ਪੂਰਨ ਰੂਪ ਨਿਰਾਸ਼ਾਜਨਕ ਗਰਦਾਨਦੇ ਹੋਏ ਸ. ਸੰਧਵਾਂ ਨੇ ਕਿਹਾ ਕਿ ਖ਼ਜ਼ਾਨਾ ਮੰਤਰੀ ਨੇ ਪਿਛਲੇ 10 ਸਾਲਾਂ ਵਿੱਚ ਕੀਮਤਾਂ ਵਿੱਚ ਹੋਏ ਵਾਧੇ ਦੇ ਬੋਝ ਨੂੰ ਘਟਾਉਣ ਲਈ ਕੋਈ ਪ੍ਰਭਾਵੀ ਤੇ ਅਸਰਅੰਦਾਜ਼ ਉਪਾਅ ਨਹੀਂ ਕੀਤੇ। ਮੱਧ ਵਰਗ ਤਾਂ ਨਿਰਾਸ਼ ਹੋਇਆ ਹੀ ਹੈ, ਪਰ ਤਨਖ਼ਾਹਦਾਰ ਵਰਗ ਨੂੰ ਵੀ ਟੈਕਸਾਂ ‘ਚ ਕੋਈ ਛੋਟ ਨਹੀਂ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਕਿ ਇਹ ਸ਼ਾਸਨ ਸਿਰਫ ਕਾਰਪੋਰੇਟ ਖੇਤਰਾਂ ਨੂੰ ਲਾਭ ਦੇਣ ’ਤੇ ਕੇਂਦ੍ਰਿਤ ਹੈ, ਜਦਕਿ ਇਮਾਨਦਾਰੀ ਨਾਲ ਟੈਕਸ ਅਦਾ ਕਰਨ ਵਾਲੇ ਲੋਕਾਂ ਨੂੰ ਕੋਈ ਲਾਭ ਨਹੀਂ ਦਿੱਤਾ ਗਿਆ ਹੈ।

Similar Posts

Leave a Reply

Your email address will not be published. Required fields are marked *