ਕੇਜਰੀਵਾਲ ਵੱਲੋਂ ਪੰਜਾਬ ਦੇ ਹਰ ਪਿੰਡ ਲਈ ਸਪੋਰਟਸ ਕਲੱਬ ਦਾ ਐਲਾਨ

0 minutes, 3 seconds Read

ਆਮ ਆਦਮੀ ਪਾਰਟੀ  ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਪੰਜਾਬ ਭਰ ਦੇ ਹਰ ਪਿੰਡ ਵਿੱਚ ਸਪੋਰਟਸ ਕਲੱਬ ਸਥਾਪਤ ਕਰਨ ਦੀ ਇੱਕ ਮਹੱਤਵਪੂਰਨ ਪਹਿਲ ਦਾ ਐਲਾਨ ਕੀਤਾ ਤਾਂ ਜੋ ਨੌਜਵਾਨਾਂ ਨੂੰ ਉਸਾਰੂ ਗਤੀਵਿਧੀਆਂ ਵਿੱਚ ਸ਼ਾਮਲ ਕੀਤਾ ਜਾ ਸਕੇ ਅਤੇ ਉਨ੍ਹਾਂ ਨੂੰ ਨਸ਼ਿਆਂ ਦੇ ਖ਼ਤਰੇ ਤੋਂ ਦੂਰ ਰੱਖਿਆ ਜਾ ਸਕੇ।

ਅੱਜ ਇੱਥੇ ਵੀਡੀਓ ਕਾਨਫਰੰਸ ਰਾਹੀਂ ਯੂਥ ਆਗੂਆਂ ਨੂੰ ਸੰਬੋਧਨ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਕਲੱਬ ਅਤਿ-ਆਧੁਨਿਕ ਖੇਡ ਸਹੂਲਤਾਂ ਨਾਲ ਲੈਸ ਹੋਣਗੇ, ਜੋ ਨੌਜਵਾਨਾਂ ਨੂੰ ਐਥਲੈਟਿਕਸ ਅਤੇ ਹੋਰ ਖੇਡਾਂ ਵਿੱਚ ਉੱਤਮਤਾ ਪ੍ਰਾਪਤ ਕਰਨ ਦੇ ਮੌਕੇ ਪ੍ਰਦਾਨ ਕਰਨਗੇ। ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਅਤੇ ਹੋਰ ਸ਼ਹੀਦਾਂ ਦੇ ਜੀਵਨ ਨੂੰ ਉਜਾਗਰ ਕਕਰੇ ਨੌਜਵਾਨਾਂ ਵਿੱਚ ਦੇਸ਼ ਭਗਤੀ ਅਤੇ ਕੋਈ ਟੀਚਾ ਮਿੱਥਣ ਦੀ ਭਾਵਨਾ ਵੱਲ ਪ੍ਰੇਰਿਤ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸ਼ਲਾਘਾ ਕੀਤੀ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਉਮੀਦ ਪ੍ਰਗਟਾਈ ਕਿ ਤਿੰਨ ਦਿਨਾਂ ਲੀਡਰਸ਼ਿਪ ਸਿਖਲਾਈ ਪ੍ਰੋਗਰਾਮ ਨੌਜਵਾਨਾਂ ਵਿੱਚ ਇੱਕ ਨਵੀਂ ਲਹਿਰ ਤੇ ਚੇਤਨਾ ਪੈਦਾ ਕਰੇਗਾ, ਜੋ ਨਸ਼ਿਆਂ ਵਿਰੁੱਧ ਸੂਬੇ ਦੀ ਜੰਗ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।

ਭਾਗ ਲੈਣ ਵਾਲਿਆਂ ਨੂੰ ਵਧਾਈ ਦਿੰਦੇ ਹੋਏ, ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਨੂੰ,  ਨਸ਼ਾ ਪੀੜਤਾਂ ਦਾ ਨਸ਼ਾ ਛੁਡਾਉਣ ਅਤੇ ਮੁੜ ਵਸੇਬਾ ਕੇਂਦਰਾਂ ਵੱਲ ਪ੍ਰੇਰਿਤ ਕਰਨ ਦੀ ਅਪੀਲ ਕੀਤੀ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਸ਼ਿਆਂ ਦੀ ਲਾਹਣਤ ਤੋਂ ਬਚਾਇਆ ਜਾ ਸਕੇ। ਨੌਜਵਾਨਾਂ ਦੀ ਸ਼ਮੂਲੀਅਤ ਲਈ ਦਿੱਲੀ ਵਿੱਚ ’ਆਪ’ ਦੀਆਂ ਪਹਿਲਕਦਮੀਆਂ ਨੂੰ ਯਾਦ ਕਰਦੇ ਹੋਏ, ਉਨ੍ਹਾਂ ਨੇ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਫਲ ਬਿਜ਼ਨਸ ਬਲਾਸਟਰ ਪ੍ਰੋਗਰਾਮ ਦਾ ਜ਼ਿਕਰ ਕੀਤਾ, ਜੋ ਉੱਦਮੀ ਹੁਨਰਾਂ ਨੂੰ ਉਤਸ਼ਾਹਿਤ ਕਰਦਾ ਹੈ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਵਪਾਰਕ ਲੀਡਰਸ਼ਿਪ ਪੰਜਾਬੀਆਂ ਦੇ ਖੂਨ ਵਿੱਚ ਹੈ ਅਤੇ ਨੌਜਵਾਨਾਂ ਨੂੰ ਖੇਡਾਂ ਅਤੇ ਉੱਦਮ ਵਿੱਚ ਆਪਣੀ ਅਣਵਰਤੀ ਸਮਰੱਥਾ ਨੂੰ ਇੱਕ ਉੱਜਵਲ ਭਵਿੱਖ ਲਈ ਵਰਤਣਾ ਚਾਹੀਦਾ ਹੈ।

ਅਰਵਿੰਦ ਕੇਜਰੀਵਾਲ ਨੇ ਇਸ ਉੱਤਮ ਪਹਿਲਕਦਮੀ ਲਈ ਸੂਬੇ ਦੇ ਨੌਜਵਾਨਾਂ ਨੂੰ ਪੂਰਾ ਸਮਰਥਨ ਅਤੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਇਸ ਉਦੇਸ਼ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ’ਆਪ’ ਇੱਕ ਸਿਹਤਮੰਦ ਸਮਾਜ ਦੀ ਉਸਾਰੀ ਲਈ ਖੇਡਾਂ, ਸਿੱਖਿਆ ਅਤੇ ਮੁੜਵਸੇਬੇ ਦੇ ਸੁਮੇਲ ਨਾਲ ਨੌਜਵਾਨ ਸਸ਼ਕਤੀਕਰਨ ਅਤੇ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਵਚਨਬੱਧ ਹੈ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਇਹ ਨੌਜਵਾਨ ਆਗੂ, ਗੈਰ-ਸਰਕਾਰੀ ਸੰਗਠਨ ਅਤੇ ਹੋਰ ਭਾਈਵਾਲ ਇਹ ਯਕੀਨੀ ਬਣਾਉਣਗੇ ਕਿ ਪੰਜਾਬ ਇੱਕ ਨਸ਼ਾ ਮੁਕਤ ਅਤੇ ਪ੍ਰਗਤੀਸ਼ੀਲ ਸੂਬਾ ਹੈ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਦ੍ਰਿੜਤਾ ਨਾਲ ਮੰਨਦੇ ਹਨ ਕਿ ਨੌਜਵਾਨ ਬੇਅੰਤ ਊਰਜਾ ਨਾਲ ਭਰੇ ਹੋਏ ਹਨ ਜਿਸਨੂੰ ਸਹੀ ਦਿਸ਼ਾ ਵਿੱਚ ਚਲਾਉਣ ਦੀ ਲੋੜ ਹੈ, ਜਿਸ ਕਾਰਨ ਯੂਥ ਕਲੱਬਾਂ ਦੀ ਸਮਾਜ ਵਿੱਚ ਮਹੱਤਵਪੂਰਨ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਨੌਜਵਾਨਾਂ ਦੀ ਊਰਜਾ ਨੂੰ ਸਵੈ-ਵਿਕਾਸ ਦੇ ਰਾਹਾਂ ਅਤੇ ਟੀਮ ਸਪਿਰਟ ਦੀ ਕਦਰ ਸਮਝਾਉਣ ਵਾਲੀਆਂ ਗਤੀਵਿਧੀਆਂ ਵਿੱਚ ਬਦਲਣ ਲਈ ਯੋਜਨਾਬੱਧ ਢੰਗ ਨਾਲ ਕੰਮ ਕਰ ਰਹੀ ਹੈ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਯੂਥ ਕਲੱਬਾਂ ਦਾ ਗਠਨ ਵੱਖ-ਵੱਖ ਪ੍ਰਤਿਭਾਵਾਂ ਵਾਲੇ ਨੌਜਵਾਨਾਂ ਨੂੰ ਤਿਆਰ ਕਰਨ ਲਈ ਕੀਤਾ ਗਿਆ ਹੈ ,ਜਿਵੇਂ ਕਿ – ਟੀਮ ਬਿਲਡਿੰਗ, ਕਿਸੇ ਪੱਖੋਂ ਅਸਮਰਥ ਲੋਕਾਂ ਦੀ ਮਦਦ ਕਰਨ ਦੀ ਭਾਵਨਾ ਸਿਰਜਣ ਸਬੰਧੀ ਗਤੀਵਿਧੀਆਂ, ਖੇਡਾਂ ਅਤੇ ਸਰੀਰਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨਾ, ਕੁਦਰਤ ਅਤੇ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਲਈ ਜਾਗਰੂਕਤਾ, ਲੋਕ ਨਾਚਾਂ ਨੂੰ ਉਤਸ਼ਾਹਿਤ ਕਰਨਾ, ਗਾਇਕੀ, ਕਲਾ ਅਤੇ ਸ਼ਿਲਪਕਾਰੀ ਅਤੇ ਉੱਦਮਤਾ ਤੇ ਹੋਰ ਮਹੱਤਵਪੂਰਨ ਖੇਤਰਾਂ ਵੱਲ ਪ੍ਰੇਰਨਾ ਆਦਿ, ਸ਼ਾਮਲ ਹੈ ।

ਅਰਵਿੰਦ ਕੇਜਰੀਵਾਲ ਨੇ ਉਮੀਦ ਪ੍ਰਗਟਾਈ ਕਿ ਇਹ ਯੂਥ ਕਲੱਬ ਇੱਕ ਸ਼ਕਤੀਸ਼ਾਲੀ ਸਵੈ-ਪ੍ਰੇਰਿਤ ਸਕਾਰਾਤਮਕ ਊਰਜਾ ਬਣ ਕੇ ਉਭਰਨਗੇ , ਜੋ ਨੌਜਵਾਨਾਂ ਨੂੰ ਸੂਝ-ਬੂਝ, ਨਿਆਂ, ਹਿੰਮਤ ਅਤੇ ਸੰਜਮ ਦੇ ਚਾਰ ਸਦੀਵੀ ਗੁਣਾਂ ’ਤੇ ਅਧਾਰਤ ਸਥਾਈ ਖੁਸ਼ੀ ਲਈ ਸਹੀ ਸੇਧ ਦੇਣਗੇ। ਉਨ੍ਹਾਂ ਕਿਹਾ ਕਿ ਇਹ ਨੌਜਵਾਨਾਂ ਨੂੰ ਨਸ਼ਿਆਂ ਦੇ ਖ਼ਤਰੇ ਤੋਂ ਦੂਰ ਕਰਨ ਅਤੇ ਉਨ੍ਹਾਂ ਨੂੰ ਰਾਜ ਦੀ ਸਮਾਜਿਕ-ਆਰਥਿਕ ਤਰੱਕੀ ਵਿੱਚ ਇੱਕ ਸਰਗਰਮ ਭਾਈਵਾਲ ਬਣਨ ਵਿੱਚ ਸਹਾਇਤਾ ਕਰੇਗਾ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਸਾਰੇ ਨੌਜਵਾਨਾਂ ਨੂੰ ਇਸ ਲਹਿਰ ਵਿੱਚ ਪੂਰੇ  ਜੋਸ਼ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ ਤਾਂ ਜੋ ਸਭ ਦੇ ਸਰਗਰਮ ਸਹਿਯੋਗ ਅਤੇ ਸੁਹਿਰਦ ਸਮਰਥਨ ਨਾਲ ਪੰਜਾਬ ਨੂੰ ਇੱਕ ਪ੍ਰਗਤੀਸ਼ੀਲ ਅਤੇ ਖੁਸ਼ਹਾਲ ਸੂਬਾ ਬਣਾਇਆ ਜਾ ਸਕੇ।   

Similar Posts

Leave a Reply

Your email address will not be published. Required fields are marked *