ਪਾਇਲ (ਲੁਧਿਆਣਾ) ਦੇ ਉਪ ਮੰਡਲ ਮੈਜਿਸਟ੍ਰੇਟ ਕ੍ਰਿਤਿਕਾ ਗੋਇਲ ਆਈ.ਏ.ਐੱਸ. ਨੇ ਅੱਜ ਸਰਕਾਰੀ ਦਫ਼ਤਰਾਂ ਦੀ ਅਚਨਚੇਤ ਚੈਕਿੰਗ ਕੀਤੀ ਅਤੇ ਦੇਰੀ ਨਾਲ ਆਉਣ ਵਾਲੇ ਅਧਿਕਾਰੀਆਂ/ਕਰਮਚਾਰੀਆਂ ਨੂੰ ਸਮੇਂ ਸਿਰ ਦਫ਼ਤਰ ਹਾਜ਼ਰ ਹੋਣ ਅਤੇ ਭਵਿੱਖ ਵਿੱਚ ਅਜਿਹੀ ਕੁਤਾਹੀ ਨਾ ਕਰਨ ਲਈ ਤਾੜਨਾ ਕੀਤੀ।
ਇਸ ਮੌਕੇ ਕ੍ਰਿਤਿਕਾ ਗੋਇਲ ਨੇ ਪੀ.ਡਬਲਯੂ.ਡੀ. ਦਫ਼ਤਰ ਦੋਰਾਹਾ, ਸੀ.ਡੀ.ਪੀ.ਓ ਦਫ਼ਤਰ ਦੋਰਾਹਾ, ਜਲ ਸਪਲਾਈ ਅਤੇ ਸੈਨੀਟੇਸ਼ਨ ਦਫ਼ਤਰ ਦੋਰਾਹਾ ਅਤੇ ਖੇਤੀਬਾੜੀ ਦਫ਼ਤਰ ਦੋਰਾਹਾ ਦੀ ਚੈਕਿੰਗ ਕੀਤੀ ਅਤੇ ਦਫ਼ਤਰਾਂ ਦੇ ਕੰਮਕਾਜ, ਸਾਫ਼-ਸਫ਼ਾਈ ਅਤੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਖ਼ਤ ਤਾੜਨਾ ਕੀਤੀ ਗਈ ਅਤੇ ਸਮੇਂ ਸਿਰ ਦਫ਼ਤਰ ਹਾਜ਼ਰ ਹੋਣ ਦੀ ਹਦਾਇਤ ਵੀ ਕੀਤੀ ਗਈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕ੍ਰਿਤਿਕਾ ਗੋਇਲ ਨੇ ਕਿਹਾ ਕਿ ਅਜਿਹੀ ਚੈਕਿੰਗ ਭਵਿੱਖ ਵਿਚ ਵੀ ਜਾਰੀ ਰਹੇਗੀ ਅਤੇ ਦਫ਼ਤਰਾਂ ਵਿੱਚ ਦੇਰੀ ਨਾਲ ਆਉਣ ਵਾਲੇ ਅਧਿਕਾਰੀਆਂ/ਕਰਮਚਾਰੀਆਂ ਵਿਰੁੱਧ ਬਣਦੀ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਜੇਕਰ ਜਨਤਾ ਨੂੰ ਪਾਇਲ ਸਬ ਡਵੀਜ਼ਨ ਅਧੀਨ ਕੋਈ ਵੀ ਕੰਮ ਕਰਵਾਉਣ ਵਿਚ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਹ ਉਨ੍ਹਾਂ ਦੇ ਦਫ਼ਤਰ ਆ ਕੇ ਉਨ੍ਹਾਂ ਨੂੰ ਸਿੱਧੇ ਤੌਰ ‘ਤੇ ਮਿਲ ਸਕਦੇ ਹਨ।
ਇਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਸ਼ਾਖਾ ਮੁਖੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਪੋ-ਆਪਣੇ ਦਫਤਰਾਂ ਵਿਚ ਕੰਮ ਕਰਵਾਉਣ ਲਈ ਆਏ ਲੋਕਾਂ ਦੇ ਕੰਮ ਸਮਾਂਬੱਧ ਸੀਮਾ ਵਿਚ ਕਰਨ ਨੂੰ ਤਰਜੀਹ ਦੇਣ ਅਤੇ ਬਿਨਾਂ ਕਾਰਨ ਲੋਕਾਂ ਦੇ ਕੰਮ ਲਟਕਾਉਣ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।