ਪੰਜਾਬ ਸਰਕਾਰ ਵੱਲੋਂ ਸਾਲ 2007 ‘ਚ ਟੀਚਿੰਗ ਫੈਲੋਜ਼ ਦੀ ਕੀਤੀ ਗਈ ਭਰਤੀ ਦੌਰਾਨ ਜਾਅਲੀ ਤਜ਼ਰਬਾ ਸਰਟੀਫਿਕੇਟ, ਰੂਲਰ ਏਰੀਆ ਸਰਟੀਫਿਕੇਟ ਆਦਿ ਪੇਸ਼ ਕਰ ਕੇ ਨੌਕਰੀਆਂ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਦੇ ਮਾਮਲੇ ਦੀ ਜਾਂਚ ਉਪਰੰਤ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ‘ਚ ਸਾਹਮਣੇ ਆਏ ਅਜਿਹੇ ਜਾਅਲੀ ਦਸਤਾਵੇਜ਼ਾਂ ਵਾਲੇ ਉਮੀਦਵਾਰਾਂ ਖਿਲਾਫ ਮੁਕੱਦਮੇ ਦਰਜ ਕਰਨ ਦੇ ਜਾਰੀ ਹੋਏ ਹੁਕਮਾਂ ਤਹਿਤ ਮਾਲੇਰਕੋਟਲਾ ਜ਼ਿਲੇ ਦੀਆਂ 7 ਮਹਿਲਾ ਉਮੀਦਵਾਰਾਂ ਖਿਲਾਫ ਵੀ ਸਥਾਨਕ ਥਾਣਾ ਸਿਟੀ ਮਾਲੇਰਕੋਟਲਾ -1 ਵਿਖੇ ਧੋਖਾਦੇਹੀ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ।
ਡਾਇਰੈਕਟਰ ਸਿੱਖਿਆ ਵਿਭਾਗ ਐਲੀਮੈਂਟਰੀ ਪੰਜਾਬ ਚੰਡੀਗੜ੍ਹ ਮੈਡਮ ਸੰਗੀਤਾ ਸ਼ਰਮਾ ਦੇ ਬਿਆਨਾਂ ‘ਤੇ ਮਾਲੇਰਕੋਟਲੇ ਜ਼ਿਲੇ ਦੇ ਜਿਹੜੇ 7 ਮਹਿਲਾ ਉਮੀਦਵਾਰਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ, ਉਨ੍ਹਾਂ ‘ਚ ਕਮਲਦੀਪ ਕੌਰ ਪੁੱਤਰੀ ਲਾਲ ਸਿੰਘ ਵਾਸੀ ਪਿੰਡ ਜੱਬੋਮਾਜਰਾ, ਗੁਰਜੀਤ ਕੌਰ ਪੁੱਤਰੀ ਜਗਦੇਵ ਸਿੰਘ ਵਾਸੀ ਪਿੰਡ ਦੁਗਰੀ, ਰਮਨਦੀਪ ਕੌਰ ਪੁੱਤਰੀ ਹਰੀ ਸਿੰਘ ਵਾਸੀ ਪਿੰਡ ਨਾਰੀਕੇ, ਰਚਨਾ ਸਿੱਧੂ ਪੁੱਤਰੀ ਅਮਰਜੀਤ ਸਿੰਘ ਵਾਸੀ ਪਿੰਡ ਕੰਗਣਵਾਲ, ਸਵਰਨਜੀਤ ਕੌਰ ਪੁੱਤਰੀ ਹਾਕਮ ਸਿੰਘ ਵਾਸੀ ਵਾਰਡ ਨੰਬਰ 01 ਅਮਰਪੁਰਾ ਅਹਿਮਦਗੜ੍ਹ, ਰਾਜਵਿੰਦਰ ਕੌਰ ਪੁੱਤਰੀ ਬਚਿੱਤਰ ਸਿੰਘ ਵਾਸੀ ਪਿੰਡ ਸੰਗਾਲਾ ਅਤੇ ਸਵਿਤਾ ਰਾਣੀ ਪੁੱਤਰੀ ਹੰਸ ਰਾਜ ਵਾਸੀ ਮਾਲੇਰਕੋਟਲਾ ਰੋਡ ਅਮਰਗੜ੍ਹ ਸ਼ਾਮਲ ਹਨ।ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਦਰਜ ਕਰਵਾਏ ਮੁਕੱਦਮੇ ਮੁਤਾਬਕ ਸੂਬੇ ਦੇ ਸਿੱਖਿਆ ਵਿਭਾਗ ਵੱਲੋਂ 5-9-2007 ਨੂੰ ਵੱਖ-ਵੱਖ ਅਖਬਾਰਾਂ ਰਾਹੀਂ ਇਸ਼ਤਿਹਾਰ ਦੇ ਕੇ ਉਸ ਸਮੇਂ ਪੰਜਾਬ ਰਾਜ ਦੇ 20 ਜ਼ਿਲਿਆਂ ‘ਚ ਟੀਚਿੰਗ ਫੈਲੋਜ਼ ਦੀਆਂ ਆਸਾਮੀਆਂ ਭਰਨ ਲਈ ਜ਼ਿਲਾ ਪੱਧਰ ‘ਤੇ ਸਬੰਧਤ ਜ਼ਿਲਾ ਸਿੱਖਿਆ ਅਫਸਰ (ਐਲੀਮੈਂਟਰੀ) ਦੀ ਚੇਅਰਮੈਨਸ਼ਿੱਪ ਹੇਠ ਕਰਵਾਈ ਆਰੰਭੀ ਗਈ ਸੀ। ਉਕਤ ਭਰਤੀ ਦੌਰਾਨ ਤਜ਼ਰਬਾ ਸਰਟੀਫਿਕੇਟਾਂ ਦੇ ਵੱਧ ਤੋਂ ਵੱਧ 7 ਨੰਬਰ ਹੋਣ ਕਰ ਕੇ ਉਮੀਦਵਾਰਾਂ ਵੱਲੋਂ ਵੱਡੇ ਪੱਧਰ ‘ਤੇ ਮਿਲੀਭੁਗਤ ਕਰ ਕੇ ਬੋਗਸ ਤਜ਼ਰਬਾ ਸਰਟੀਫਿਕੇਟ ਸਬਮਿਟ ਕੀਤੇ ਗਏ ਸਨ।
ਮਾਮਲਾ ਸਿੱਖਿਆ ਵਿਭਾਗ ਦੇ ਧਿਆਨ ‘ਚ ਆਉਣ ‘ਤੇ ਵਿਭਾਗ ਵੱਲੋਂ ਮਿਤੀ 6-8- 2009 ਰਾਹੀਂ ਅਜਿਹੇ ਉਮੀਦਵਾਰਾਂ ਦੀ ਸਚੀ ਵੱਖ-ਵੱਖ ਅਖਬਾਰਾਂ ‘ਚ ਪ੍ਰਕਾਸ਼ਿਤ ਕੀਤੀ ਗਈ ਅਤੇ ਪੰਜਾਬ ਰਾਜ ਦੇ ਸਮੂਹ ਜ਼ਿਲਿਆਂ ‘ਚ ਜਿਹੜੇ ਉਮੀਦਵਾਰਾਂ ਦੇ ਤਜ਼ਰਬਾ ਸਰਟੀਫਿਕੇਟ ਜਾਅਲੀ ਪਾਏ ਗਏ ਸਨ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਹਾਜ਼ਰ ਹੋ ਕੇ ਆਪਣਾ ਪੱਖ ਸਬੰਧਤ ਕਮੇਟੀਆਂ ਸਾਹਮਣੇ ਰੱਖਣ ਦਾ ਮੌਕਾ ਦਿੱਤਾ ਗਿਆ। ਇਨ੍ਹਾਂ ਕਮੇਟੀਆਂ ਵੱਲੋਂ ਮਿਤੀ 11-8-2009 ਤੋਂ 13-8-2009 ਤੱਕ ਉਮੀਦਵਾਰਾਂ ਵੱਲੋਂ ਪੇਸ਼ ਕੀਤੇ ਦਰਸਤਾਵੇਜ਼ ਚੈਕ ਕੀਤੇ ਗਏ ਅਤੇ ਬੋਗਸ ਤਜ਼ਰਬਾ ਸਰਟੀਫਿਕੇਟ ਦੇ ਆਧਾਰ ‘ਤੇ ਚੁਣੇ ਗਏ.
ਉਮੀਦਵਾਰਾਂ ਬਾਰੇ ਜੋ ਰਿਪੋਰਟਾਂ ਇਨ੍ਹਾਂ ਕਮੇਟੀਆਂ ਵੱਲੋਂ ਪੇਸ਼ ਕੀਤੀਆਂ ਗਈਆਂ ਉਹ ਸਮੇਂ ਦੇ ਡਾਇਰੈਕਟਰ ਸਿੱਖਿਆ ਵਿਭਾਗ (ਐਲੀਮੈਂਟਰੀ ਸਿੱਖਿਆ) ਪੰਜਾਬ ਸਾਧੂ ਸਿੰਘ ਰੰਧਾਵਾ ਵੱਲੋਂ ਆਪਣੇ ਪੱਤਰ 19-10- 2009 ਰਾਹੀਂ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ‘ਚ ਜਾਅਲੀ/ਬੋਗਸ ਝੂਠੇ ਪਾਏ ਗਏ ਸਰਟੀਫਿਕੇਟ ਵਾਲੇ ਉਮੀਦਵਾਰਾਂ ਨੂੰ ਨੌਕਰੀ ‘ਚੋਂ ਕੱਢਣ ਲਈ ਅਗਲੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ।ਜਿਸ ਅਨੁਸਾਰ 19 ਜ਼ਿਲਿਆਂ ਵੱਲੋਂ ਅਜਿਹੇ ਉਮੀਦਵਾਰਾਂ ਨੂੰ ਨੌਕਰੀ ਤੋਂ ਹਟਾਉਣ ਦਾ ਕੰਮ ਮਿਤੀ 22- 10-2009 ਤੱਕ ਮੁਕੰਮਲ ਕਰ ਲਿਆ ਸੀ ਜਦਕਿ ਜ਼ਿਲਾ ਗੁਰਦਾਸਪੁਰ ਦੇ ਅਜਿਹੇ ਉਮੀਦਵਾਰਾਂ ਨੂੰ ਨੌਕਰੀ ਤੋਂ ਹਟਾਉਣ ਦਾ ਕੰਮ ਮਿਤੀ 23-10-2009 ਤੱਕ ਮੁਕੰਮਲ ਕੀਤਾ ਗਿਆ ਸੀ।ਫਾਰਗ ਹੋਏ ਉਮੀਦਵਾਰਾਂ ਵੱਲੋਂ ਵਿਭਾਗ ਦੀ ਇਸ ਕਾਰਵਾਈ ਨੂੰ ਵੱਖ-ਵੱਖ ਪਟੀਸ਼ਨਾਂ ਰਾਹੀਂ ਮਾਣਯੋਗ ਹਾਈਕੋਰਟ ‘ਚ ਚੈਲਿੰਜ਼ ਕੀਤਾ ਗਿਆ।ਮਾਣਯੋਗ ਹਾਈ ਕੋਰਟ ਦੇ ਸਿਵਲ ਰਿੱਟ ਪਟੀਸ਼ਨ ਨੰਬਰ 16434 ਆਫ 2009 ‘ਚ ਮਿਤੀ 29-10-2009 ਨੂੰ ਕੀਤੇ ਗਏ ਅੰਤ੍ਰਿਮ ਹੁਕਮਾਂ ਦੀ ਪਾਲਣਾ ਹਿੱਤ ਸਰਕਾਰ ਵੱਲੋਂ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ।
ਇਹ ਕਮੇਟੀ ਉਸ ਸਮੇਂ ਦੋ ਡਾਇਰੈਕਟਰ ਸਿੱਖਿਆ ਵਿਭਾਗ (ਐਸ) ਪੰਜਾਬ ਸਾਧੂ ਸਿੰਘ ਰੰਧਾਵਾ ਦੀ ਚੇਅਰਮੈਨਸ਼ਿੱਪ ਅਧੀਨ ਬਣਾਈ ਗਈ। ਇਹ ਕਮੇਟੀ ਵੱਲੋਂ ਅਜਿਹੇ ਉਮੀਦਵਾਰਾਂ ਨੂੰ ਆਪਣਾ ਪੱਖ ਰੱਖਣ ਲਈ ਚਾਰ ਮੌਕੇ ਦਿੱਤੇ ਗਏ। ਉਕਤ ਕਮੇਟੀ ਵੱਲੋਂ ਆਪਣੀ ਦਿੱਤੀ ਰਿਪੋਰਟ ਅਨੁਸਾਰ ਆਪਣਾ ਪੱਖ ਰੱਖਣ ਵਾਲੇ ਕੁੱਲ ਪੇਸ਼ ਹੋਏ 563 ਉਮੀਦਵਾਰਾਂ ‘ਚੋਂ 457 ਉਮੀਦਵਾਰਾਂ ਦੇ ਤਜ਼ਰਬਾ ਸਰਟੀਫਿਕੇਟ ਰੂਰਲ ਏਰੀਆ ਸਰਟੀਫਿਕੇਟ ਆਦਿ ਬੋਗਸ ਪਾਏ ਗਏ ਸਨ। ਇਸ ਭਰਤੀ ਮਾਮਲੇ ਦੀ ਚੱਲੀ ਜਾਂਚ-ਪੜਤਾਲ ਦੀ ਕਾਰਵਾਈ ਮੁਕੰਮਲ ਹੋਣ ਉਪਰੰਤ ਹੁਣ ਇਹ ਕਾਰਵਾਈ ਹੋਈ ਦੱਸੀ ਜਾ ਰਹੀ ਹੈ।
5
5