ਪੰਜਾਬ ਪੁਲਿਸ ਨੇ ਤਰਨਤਾਰਨ ਸੇਵਾ ਕੇਂਦਰ ਤੋਂ ਚੱਲ ਰਹੇ ਜਾਅਲੀ ਅਸਲਾ ਲਾਇਸੈਂਸ ਰੈਕੇਟ ਦਾ ਕੀਤਾ ਪਰਦਾਫਾਸ਼

ਅੰਮ੍ਰਿਤਸਰ, 10 ਜੁਲਾਈ:

ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੂਬੇ ਵਿੱਚ ਸੰਗਠਿਤ ਅਪਰਾਧਾਂ ਨੂੰ ਖ਼ਤਮ ਕਰਨ ਲਈ ਵਿੱਢੀ ਮੁਹਿੰਮ ਦੌਰਾਨ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਜਾਅਲੀ ਅਸਲਾ ਲਾਇਸੈਂਸ ਬਣਾਉਣ ਵਾਲੇ ਗਿਰੋਹ ਦੇ ਦੋ ਮੈਂਬਰ ਅਤੇ ਛੇ ਜਾਅਲੀ ਅਸਲਾ ਲਾਇਸੰਸਧਾਰਕਾਂ ਨੂੰ ਗ੍ਰਿਫ਼ਤਾਰ ਕਰਕੇ ਇਸ ਰੈਕੇਟ ਦਾ ਪਰਦਾਫਾਸ਼ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।


ਇਹ ਰੈਕੇਟ ਤਰਨਤਾਰਨ ਸੇਵਾ ਕੇਂਦਰ ਤੋਂ ਜ਼ਿਲ੍ਹਾ ਮੈਨੇਜਰ ਸੂਰਜ ਭੰਡਾਰੀ ਜੋ ਕਿ ਹੁਣ ਫਰਾਰ ਹੈ, ਦੀ ਮਿਲੀਭੁਗਤ ਨਾਲ ਚੱਲ ਰਿਹਾ ਸੀ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਗਿਰੋਹ ਦੇ ਮੈਂਬਰਾਂ ਵਿੱਚ ਤਰਨਤਾਰਨ ਸੇਵਾ ਕੇਂਦਰ ਦਾ ਕਰਮਚਾਰੀ ਹਰਪਾਲ ਸਿੰਘ ਅਤੇ ਇੱਕ ਫੋਟੋਸਟੇਟ ਦੁਕਾਨ ਦਾ ਮਾਲਕ ਬਲਜੀਤ ਸਿੰਘ ਜਿਸ ਨੇ ਜਾਅਲੀ ਅਸਲਾ ਲਾਇਸੈਂਸ ਬਣਾਉਣ ਲਈ ਆਧਾਰ ਕਾਰਡ ਅਤੇ ਅਸਲਾ ਲਾਇਸੈਂਸ ਪ੍ਰੋਫਾਰਮਾ ਸਮੇਤ ਲੋੜੀਂਦੇ ਪਛਾਣ ਪੱਤਰਾਂ ਨਾਲ ਛੇੜਛਾੜ ਕਰਨ ਦੀ ਗੱਲ ਕਬੂਲ ਕੀਤੀ ਹੈ, ਸ਼ਾਮਲ ਹਨ। ਪੁਲਿਸ ਟੀਮਾਂ ਨੇ ਲੈਪਟਾਪ ਵੀ ਬਰਾਮਦ ਕੀਤਾ ਹੈ ਜਿਸ ਵਿੱਚ ਵੱਖ-ਵੱਖ ਸੰਪਾਦਿਤ ਦਸਤਾਵੇਜ਼ਾਂ ਦੇ ਵੇਰਵੇ ਅਤੇ ਦਸਤਾਵੇਜ਼ਾਂ ਨਾਲ ਛੇੜਛਾੜ ਕਰਨ ਲਈ ਵਰਤੇ ਜਾਂਦੇ ਆਨਲਾਈਨ ਓਪਨ ਸੋਰਸ ਸਾਫਟਵੇਅਰ ਸ਼ਾਮਲ ਹਨ।
ਇਸ ਰੈਕੇਟ ਦਾ ਪਰਦਾਫਾਸ਼ 9 ਅਪ੍ਰੈਲ, 2024 ਨੂੰ ਇਰਾਦਾ ਕਤਲ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਅੰਨਗੜ੍ਹ ਦੇ ਬੱਬਲੂ ਉਰਫ ਬੱਲੂ, ਜਿਸ ਨੇ ਪੁੱਛਗਿੱਛ ਦੌਰਾਨ ਸਹਿ-ਦੋਸ਼ੀ ਕੰਵਰਦੀਪ ਸਿੰਘ ਦੇ ਨਾਲ ਜਾਅਲੀ ਲਾਇਸੈਂਸੀ ਹਥਿਆਰ ਰੱਖਣ ਦੀ ਗੱਲ ਕਬੂਲ ਕੀਤੀ ਸੀ, ਤੋਂ ਮਿਲੀ ਜਾਣਕਾਰੀ ਉਪਰੰਤ ਹੋਇਆ।
ਡੀਜੀਪੀ ਨੇ ਦੱਸਿਆ ਕਿ ਮੁਲਜ਼ਮ ਬੱਲੂ ਦੇ ਖੁਲਾਸੇ ਤੋਂ ਬਾਅਦ ਏਡੀਸੀਪੀ ਜ਼ੋਨ-1 ਡਾ. ਦਰਪਨ ਆਹਲੂਵਾਲੀਆ ਅਤੇ ਏਸੀਪੀ ਸੈਂਟਰਲ ਸੁਰਿੰਦਰ ਸਿੰਘ ਦੀ ਨਿਗਰਾਨੀ ਹੇਠ ਥਾਣਾ ਗੇਟ ਹਕੀਮਾ ਤੋਂ ਟੀਮਾਂ ਨੇ ਜਾਂਚ ਸ਼ੁਰੂ ਕੀਤੀ ਅਤੇ ਪਤਾ ਲੱਗਾ ਕਿ ਅਸਲਾ ਲਾਇਸੈਂਸ ਡਿਪਟੀ ਕਮਿਸ਼ਨਰ ਦਫ਼ਤਰ ਤਰਨਤਾਰਨ ਤੋਂ ਤਸਦੀਕ ਕੀਤਾ ਗਿਆ ਸੀ ਪਰ ਇਸ ਸਬੰਧੀ ਸਰਕਾਰੀ ਰਿਕਾਰਡ ਵਿੱਚ ਕੋਈ ਜਾਣਕਾਰੀ ਦਰਜ ਨਹੀਂ ਸੀ।
ਉਨ੍ਹਾਂ ਕਿਹਾ ਕਿ ਤਰਨਤਾਰਨ ਦੇ ਲੋਕਾਂ ਤੋਂ ਇਲਾਵਾ ਅਪਰਾਧੀ ਪਿਛੋਕੜ ਵਾਲੇ ਅੰਮ੍ਰਿਤਸਰ ਦੇ ਵਸਨੀਕ ਵੀ ਤਰਨਤਾਰਨ ਤੋਂ ਜਾਅਲੀ ਆਧਾਰ ਕਾਰਡਾਂ ਦੇ ਆਧਾਰ ‘ਤੇ ਜਾਅਲੀ ਲਾਇਸੈਂਸ ਬਣਾ ਰਹੇ ਸਨ।
ਡੀਜੀਪੀ ਗੌਰਵ ਯਾਦਵ ਨੇ ਗੰਨ ਹਾਊਸਾਂ ਦੀ ਮਿਲੀਭੁਗਤ ਨੂੰ ਨਾ ਨਕਾਰਦਿਆਂ ਕਿਹਾ ਕਿ ਪੁਲਿਸ ਟੀਮਾਂ ਅਜਿਹੇ ਗੰਨ ਹਾਊਸਾਂ ਦੀ ਭੂਮਿਕਾ ਦੀ ਜਾਂਚ ਕਰ ਰਹੀਆਂ ਹਨ ਜਿਹਨਾਂ ਨੇ ਫਰਜ਼ੀ ਲਾਈਸੈਂਸ ਹੋਣ ਦਾ ਪਤਾ ਹੁੰਦਿਆਂ ਵੀ ਬਿਨਾਂ ਆਨਲਾਈਨ ਵੈਰੀਫਿਕੇਸ਼ਨ ਕੀਤਿਆਂ ਅਸਲਾ ਵੇਚਿਆ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ।
ਹੋਰ ਵੇਰਵੇ ਸਾਂਝੇ ਕਰਦਿਆਂ ਪੁਲਿਸ ਕਮਿਸ਼ਨਰ (ਸੀਪੀ) ਅੰਮ੍ਰਿਤਸਰ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ 11 ਜੂਨ, 2024 ਨੂੰ ਐਫਆਈਆਰ ਦਰਜ ਕੀਤੀ ਗਈ ਸੀ ਅਤੇ ਪੰਜ ਹੋਰ ਜਾਅਲੀ ਅਸਲਾ ਲਾਇਸੰਸਧਾਰਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਹਨਾਂ ਵਿੱਚ ਅਭੈ ਵਾਸੀ ਸੁਲਤਾਨਵਿੰਡ ਨੂੰ ਫਰਜ਼ੀ ਤੌਰ ‘ਤੇ ਜੰਡਿਆਲਾ ਰੋਡ, ਤਰਨਤਾਰਨ ਦਾ ਵਾਸੀ ਦਿਖਾਇਆ ਗਿਆ ਹੈ, ਇਸੇ ਤਰ੍ਹਾਂ ਅੰਮ੍ਰਿਤਸਰ ਦੇ ਮਨਪ੍ਰੀਤ ਨੂੰ ਤਰਨਤਾਰਨ ਦਾ ਵਸਨੀਕ, ਅੰਮ੍ਰਿਤਸਰ ਦੇ ਕੰਵਰਦੀਪ ਨੂੰ ਰੇਲਵੇ ਰੋਡ, ਤਰਨਤਾਰਨ ਅਤੇ ਅੰਮ੍ਰਿਤਸਰ ਦੇ ਰੋਹਿਤ ਨੂੰ ਤਰਨਤਾਰਨ ਦੇ ਪਿੰਡ ਕੰਗ ਦਾ ਵਸਨੀਕ ਦਿਖਾਇਆ ਗਿਆ ਹੈ, ਨੂੰ 12 ਜੂਨ 2024 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਦਕਿ ਸਦਰ ਤਰਨਤਾਰਨ ਦੇ ਰਹਿਣ ਵਾਲੇ ਹਰਿੰਦਰ ਨੂੰ 2 ਜੁਲਾਈ 2024 ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਇਨ੍ਹਾਂ ਦੇ ਕਬਜ਼ੇ ‘ਚੋਂ 6 ਜਾਅਲੀ ਅਸਲਾ ਲਾਇਸੰਸ, ਫ਼ਰਜ਼ੀ ਆਧਾਰ ਕਾਰਡ ਅਤੇ 7 ਹਥਿਆਰ ਜਿਹਨਾਂ ਵਿੱਚ .32 ਬੋਰ ਦੇ 4 ਪਿਸਤੌਲ, .32 ਬੋਰ ਦੇ 2 ਰਿਵਾਲਵਰ ਅਤੇ 1 ਡਬਲ ਬੈਰਲ ਰਾਈਫਲ ਸ਼ਾਮਲ ਹੈ, ਵੀ ਬਰਾਮਦ ਕੀਤੇ ਹਨ।
ਸੀਪੀ ਨੇ ਦੱਸਿਆ ਕਿ ਗਿਰੋਹ ਦਾ ਸਰਗਨਾ ਸੂਰਜ ਭੰਡਾਰੀ ਅਸਲਾ ਲਾਇਸੈਂਸ ਤਿਆਰ ਕਰਨ ਲਈ 1.5 ਲੱਖ ਰੁਪਏ ਪ੍ਰਤੀ ਗਾਹਕ ਫੀਸ ਲੈ ਰਿਹਾ ਸੀ, ਜਿਸ ਵਿੱਚੋਂ 5-10 ਹਜ਼ਾਰ ਰੁਪਏ ਕਮਿਸ਼ਨ ਮੁਲਜ਼ਮ ਫੋਟੋਸਟੇਟ ਦੁਕਾਨ ਦੇ ਮਾਲਕ ਬਲਜੀਤ ਨੂੰ ਦਿੱਤਾ ਜਾਂਦਾ ਸੀ, ਜਦਕਿ ਸੇਵਾ ਕੇਂਦਰ ਦੇ ਮੁਲਾਜ਼ਮ ਹਰਪਾਲ ਨੂੰ 10-20 ਹਜ਼ਾਰ ਰੁਪਏ ਮਿਲ ਰਹੇ ਸਨ। ਉਨ੍ਹਾਂ ਅੱਗੇ ਕਿਹਾ ਕਿ ਉਹ ਕਿਊਆਰ ਕੋਡ, ਹੋਲੋਗ੍ਰਾਮ, ਸਟੈਂਪ ਅਤੇ ਡਿਜੀਟਲ ਹਸਤਾਖਰਾਂ ਨਾਲ ਛੇੜਛਾੜ ਕਰਦੇ ਸਨ। ਉਨ੍ਹਾਂ ਕਿਹਾ ਕਿ ਪੁਲਿਸ ਟੀਮਾਂ ਮੁਲਜ਼ਮ ਸੂਰਜ ਭੰਡਾਰੀ ਨੂੰ ਫੜਨ ਲਈ ਛਾਪੇਮਾਰੀ ਕਰ ਰਹੀਆਂ ਹਨ।
ਇਸ ਸਬੰਧੀ ਐਫਆਈਆਰ ਨੰ. 101 ਮਿਤੀ 11/6/24 ਨੂੰ ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾ ਵਿਖੇ ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਧਾਰਾਵਾਂ 417, 420, 177, 465, 467, 469, 471, ਅਤੇ 120ਬੀ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

Leave a Reply

Your email address will not be published. Required fields are marked *