ਹਾੜ੍ਹੀ ਸੀਜ਼ਨ 2024-25: ਵਿਸ਼ੇਸ਼ ਮੁੱਖ ਸਕੱਤਰ ਵੱਲੋਂ ਕੇਂਦਰੀ ਮੰਤਰੀ ਜੇ.ਪੀ. ਨੱਢਾ ਨਾਲ ਮੁਲਾਕਾਤ

0 minutes, 1 second Read

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਵਚਨਬੱਧਤਾ ਅਨੁਸਾਰ ਆਗਾਮੀ ਹਾੜ੍ਹੀ ਸੀਜ਼ਨ ਲਈ ਪੰਜਾਬ ਦੇ ਕਿਸਾਨਾਂ ਨੂੰ ਖਾਦਾਂ ਦੀ ਲੋੜੀਂਦੀ ਸਪਲਾਈ ਯਕੀਨੀ ਬਣਾਉਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਿਸ਼ੇਸ਼ ਮੁੱਖ ਸਕੱਤਰ ਸ੍ਰੀ ਕੇ.ਏ.ਪੀ. ਸਿਨਹਾ ਨੇ ਅੱਜ ਨਵੀਂ ਦਿੱਲੀ ਵਿਖੇ ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਸ੍ਰੀ ਜੇਪੀ ਨੱਢਾ ਨਾਲ ਮੁਲਾਕਾਤ ਕੀਤੀ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਟੈਲੀਫ਼ੋਨ ਰਾਹੀਂ ਗੱਲਬਾਤ ਕਰਕੇ ਕੇਂਦਰੀ ਮੰਤਰੀ ਸ੍ਰੀ ਨੱਢਾ ਨੂੰ ਅਗਸਤ ਮਹੀਨੇ ਵਿੱਚ ਡੀ.ਏ.ਪੀ. ਖਾਦ ਦੀ ਅਲਾਟਮੈਂਟ ਦੇ ਮੁਕਾਬਲੇ ਘੱਟ ਸਪਲਾਈ ਬਾਰੇ ਜਾਣੂ ਕਰਵਾਉਣ ਉਪਰੰਤ ਅੱਜ ਵਿਸ਼ੇਸ਼ ਮੁੱਖ ਸਕੱਤਰ ਸ੍ਰੀ ਕੇ.ਏ.ਪੀ. ਸਿਨਹਾ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਨਾਲ ਗੱਲਬਾਤ ਕਰਨ ਲਈ ਟੀਮ ਦਿੱਲੀ ਗਈ।

ਇਸ ਮੁਲਾਕਾਤ ਦੌਰਾਨ, ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਅਤੇ ਪੰਜਾਬ ਮਾਰਕਫੈੱਡ ਦੇ ਸੀਨੀਅਰ ਅਧਿਕਾਰੀਆਂ ਨਾਲ, ਸ੍ਰੀ ਕੇ.ਏ.ਪੀ. ਸਿਨਹਾ ਨੇ ਹਾੜ੍ਹੀ ਸੀਜ਼ਨ 2024-25 ਲਈ ਸੂਬੇ ਦੀਆਂ ਖਾਦ ਸਬੰਧੀ ਜ਼ਰੂਰਤਾਂ ‘ਤੇ ਚਾਨਣਾ ਪਾਇਆ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਲਗਭਗ 35 ਲੱਖ ਹੈਕਟੇਅਰ ਰਕਬੇ ‘ਤੇ ਕਣਕ ਦੀ ਬਿਜਾਈ ਕੀਤੀ ਜਾਣੀ ਹੈ, ਜਿਸ ਲਈ ਲਗਭਗ 5.50 ਲੱਖ ਮੀਟ੍ਰਿਕ ਟਨ ਡਾਇਮੋਨੀਅਮ ਫਾਸਫੇਟ (ਡੀ.ਏ.ਪੀ.) ਖਾਦ ਦੀ ਲੋੜ ਹੈ।

ਸੂਬੇ ਦੇ ਕਿਸਾਨਾਂ ਨੂੰ ਖਾਦਾਂ ਸਮੇਤ ਖੇਤੀ ਲਈ ਲੋੜੀਂਦੀ ਹੋਰ ਸਮੱਗਰੀ ਦੀ ਸਮੇਂ ਸਿਰ ਸਪਲਾਈ ਯਕੀਨੀ ਬਣਾਉਣ ਪ੍ਰਤੀ ਪੰਜਾਬ ਸਰਕਾਰ ਦੀ ਵਚਨਬੱਧਤਾ ਦਹੁਰਾਉਂਦਿਆਂ ਉਨ੍ਹਾਂ ਦੱਸਿਆ ਕਿ ਕੇਂਦਰੀ ਮੰਤਰੀ ਸ੍ਰੀ ਜੇ.ਪੀ. ਨੱਢਾ ਨਾਲ ਮੀਟਿੰਗ ਸਫ਼ਲ ਰਹੀ ਅਤੇ ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਪੰਜਾਬ ਨੂੰ ਆਗਾਮੀ ਹਾੜ੍ਹੀ ਸੀਜ਼ਨ ਦੌਰਾਨ ਲੋੜੀਂਦੀ ਮਾਤਰਾ ਵਿੱਚ ਡੀ.ਏ.ਪੀ. ਅਤੇ ਹੋਰ ਫਾਸਫੇਟਿਕ ਖਾਦਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਜ਼ਿਕਰਯੋਗ ਹੈ ਕਿ ਸਾਲ 2023-24 ਦੌਰਾਨ ਪੰਜਾਬ ਨੇ ਕੇਂਦਰੀ ਪੂਲ ਵਿੱਚ ਕਣਕ ਦਾ 46 ਫ਼ੀਸਦੀ ਹਿੱਸਾ ਪਾਇਆ ਹੈ ਅਤੇ ਇਸ ਸਾਲ ਕਣਕ ਦੀ ਵਧੇਰੇ ਪੈਦਾਵਾਰ ਨੂੰ ਵੇਖਦਿਆਂ ਭਾਰਤ ਸਰਕਾਰ ਨੇ ਹਾਲ ਹੀ ਵਿੱਚ ਕੀਤੀ ਜ਼ੋਨਲ ਕਾਨਫ਼ਰੰਸ ਦੌਰਾਨ ਹਾੜ੍ਹੀ ਸੀਜ਼ਨ 2024-25 ਲਈ ਪੰਜਾਬ ਸੂਬੇ ਨੂੰ 4.50 ਲੱਖ ਮੀਟ੍ਰਿਕ ਟਨ ਡੀ.ਏ.ਪੀ. ਖਾਦ, 1.50 ਲੱਖ ਮੀਟ੍ਰਿਕ ਟਨ ਐਨ.ਪੀ.ਕੇ. (ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ੀਅਮ) ਅਤੇ 1.50 ਲੱਖ ਮੀਟ੍ਰਿਕ ਟਨ ਐਸ.ਐਸ.ਪੀ. (ਸਿੰਗਲ ਸੁਪਰਫਾਸਫੇਟ) ਖਾਦ ਦੀ ਐਲੋਕੇਸ਼ਨ ਕੀਤੀ ਹੈ।

ਸ੍ਰੀ ਕੇ.ਏ.ਪੀ. ਸਿਨਹਾ ਨੇ ਦੱਸਿਆ ਕਿ ਕੇਂਦਰੀ ਮੰਤਰੀ ਸ੍ਰੀ ਜੇ.ਪੀ. ਨੱਢਾ ਨੇ ਭਰੋਸਾ ਦਿੱਤਾ ਹੈ ਕਿ ਡੀ.ਏ.ਪੀ. ਖਾਦ ਅਤੇ ਹੋਰ ਫਾਸਫੇਟਿਕ ਖਾਦਾਂ ਦੀ ਸਪਲਾਈ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਮੰਗ ਅਨੁਸਾਰ ਅਗਲੇ ਦੋ ਮਹੀਨਿਆਂ ਵਿੱਚ ਪੰਜਾਬ ਨੂੰ ਲੋੜੀਂਦੀ ਮਾਤਰਾ ਵਿੱਚ ਖਾਦ ਦੀ ਸਪਲਾਈ ਕਰ ਦਿੱਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਇਹ ਵੰਡ ਖਾਦਾਂ ਸਬੰਧੀ ਸਾਡੇ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਕਰੇਗੀ।

ਇਸ ਦੌਰਾਨ ਸ੍ਰੀ ਕੇ.ਏ.ਪੀ. ਸਿਨਹਾ ਨੇ ਪੰਜਾਬ ਵਿੱਚ ਖਾਦਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਕੇਂਦਰੀ ਰਸਾਇਣ ਅਤੇ ਖਾਦ ਮੰਤਰਾਲੇ ਦੇ ਸਕੱਤਰ ਸ੍ਰੀ ਰਜਤ ਕੁਮਾਰ ਮਿਸ਼ਰਾ ਨਾਲ ਵੀ ਮੀਟਿੰਗ ਕੀਤੀ।

Similar Posts

Leave a Reply

Your email address will not be published. Required fields are marked *