ਮੁੱਖ ਮੰਤਰੀ ਦੀ ਨਵ-ਨਿਯੁਕਤ ਪੀ.ਸੀ.ਐਸ. ਅਫ਼ਸਰਾਂ ਨੂੰ ਨਸੀਹਤ

0 minutes, 0 seconds Read

ਚੰਡੀਗੜ੍ਹ, 17 ਫਰਵਰੀ:

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਮਵਾਰ ਨੂੰ ਨਵ-ਨਿਯੁਕਤ ਪੰਜਾਬ ਸਿਵਲ ਸਰਵਿਸ (ਪੀ.ਸੀ.ਐਸ.) ਅਫ਼ਸਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆਪਣੀ ਡਿਊਟੀ ਪੂਰੇ ਸਮਰਪਣ, ਵਚਨਬੱਧਤਾ ਅਤੇ ਇਮਾਨਦਾਰੀ ਨਾਲ ਨਿਭਾਉਣ ਲਈ ਕਿਹਾ ਤਾਂ ਕਿ ਸੂਬਾ ਸਰਕਾਰ ਦੀਆਂ ਫਲੈਗਸ਼ਿਪ ਸਕੀਮਾਂ ਦਾ ਲਾਭ ਜ਼ਮੀਨ ਪੱਧਰ ਉਤੇ ਲੋਕਾਂ ਤੱਕ ਪੁੱਜੇ।

ਇਨ੍ਹਾਂ ਏ-2 ਤੇ ਸੀ ਰਜਿਸਟਰ ਦੇ ਨਵੇਂ ਪ੍ਰਮੋਟ ਹੋਏ ਪੀ.ਸੀ.ਐਸ. ਅਫ਼ਸਰਾਂ ਨੇ ਅੱਜ ਮੁੱਖ ਮੰਤਰੀ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਉਤੇ ਮੁਲਾਕਾਤ ਕੀਤੀ।

ਮੁੱਖ ਮੰਤਰੀ ਨੇ ਇਨ੍ਹਾਂ ਅਧਿਕਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਵੱਡੇ ਮਾਣ ਵਾਲੀ ਗੱਲ ਹੈ ਕਿ ਤੁਹਾਡੀ ਨਿਯੁਕਤੀ ਇਸ ਅਹਿਮ ਅਹੁਦੇ ਉਤੇ ਹੋਈ ਹੈ ਅਤੇ ਤੁਹਾਨੂੰ ਪੂਰੇ ਉਤਸ਼ਾਹ ਨਾਲ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ। ਭਗਵੰਤ ਸਿੰਘ ਮਾਨ ਨੇ ਉਮੀਦ ਜਤਾਈ ਕਿ ਇਹ ਪੀ.ਸੀ.ਐਸ. ਅਧਿਕਾਰੀ ਆਪਣੀ ਕਲਮ ਦੀ ਵਰਤੋਂ ਲੋੜਵੰਦਾਂ ਤੇ ਸਮਾਜ ਦੇ ਦਬੇ-ਕੁਚਲੇ ਵਰਗਾਂ ਦੀ ਭਲਾਈ ਲਈ ਕਰਨਗੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਲੋਕਾਂ ਦੀ ਵੱਧ ਤੋਂ ਵੱਧ ਮਦਦ ਯਕੀਨੀ ਬਣਾਉਣ ਤਾਂ ਕਿ ਸਮਾਜ ਦੇ ਹਰੇਕ ਵਰਗ ਨੂੰ ਇਸ ਦਾ ਫਾਇਦਾ ਮਿਲੇ।

ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਸੀਹਤ ਦਿੱਤੀ ਕਿ ਉਹ ਆਪਣੀ ਕਾਬਲੀਅਤ ਦੀ ਵਰਤੋਂ ਚੰਗੇ ਸ਼ਾਸਨ, ਨਾਗਰਿਕ ਸੇਵਾਵਾਂ ਦੀ ਚੰਗੇ ਤਰੀਕੇ ਨਾਲ ਡਿਲੀਵਰੀ ਅਤੇ ਭਲਾਈ ਸਕੀਮਾਂ ਨੂੰ ਲਾਗੂ ਕਰਨ ਲਈ ਕਰਨ। ਉਨ੍ਹਾਂ ਉਮੀਦ ਜਤਾਈ ਕਿ ਜਨਤਕ ਸੇਵਾ ਦਾ ਚੰਗਾ ਤਜਰਬਾ ਰੱਖਣ ਵਾਲੇ ਇਹ ਅਧਿਕਾਰੀ ਸੂਬੇ ਦੀ ਸ਼ਾਨ ਵਧਾਉਣ ਵਿੱਚ ਅਹਿਮ ਭੂਮਿਕਾ ਅਦਾ ਕਰਨਗੇ। ਭਗਵੰਤ ਸਿੰਘ ਮਾਨ ਨੇ ਉਮੀਦ ਜਤਾਈ ਕਿ ਇਹ ਅਧਿਕਾਰੀ ਆਪਣੀ ਸਖ਼ਤ ਮਿਹਨਤ, ਸੰਜੀਦਗੀ, ਸਮਰੱਥਾ ਤੇ ਪੇਸ਼ੇਵਰ ਪਹੁੰਚ ਨਾਲ ਆਪਣਾ ਵੱਖਰਾ ਮੁਕਾਮ ਸਥਾਪਤ ਕਰਨਗੇ।

ਮੁੱਖ ਮੰਤਰੀ ਨੇ ਇਨ੍ਹਾਂ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਲੋਕਾਂ ਨਾਲ ਦੋਸਤਾਨਾ ਸਲੂਕ ਕਰਦਿਆਂ ਆਪਣੇ ਤਜਰਬੇ, ਸਿੱਖਿਆ ਤੇ ਸਿਖਲਾਈ ਦੀ ਵਰਤੋਂ ਕਰ ਕੇ ਲੋਕਾਂ ਦੀ ਭਲਾਈ ਕਰਨ। ਉਨ੍ਹਾਂ ਉਮੀਦ ਜਤਾਈ ਕਿ ਇਹ ਅਧਿਕਾਰੀ ਲੋਕਾਂ ਨਾਲ ਸੁਹਿਰਦਤਾ ਨਾਲ ਪੇਸ਼ ਆਉਂਦਿਆਂ ਜਨਤਕ ਸੇਵਾਵਾਂ ਦੀ ਡਿਲਵਰੀ ਵਿੱਚ ਨਵੇਂ ਦਿਸਹੱਦੇ ਸਿਰਜਣਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਰੰਗਲਾ ਪੰਜਾਬ ਬਣਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ ਅਤੇ ਨਵੇਂ ਅਫ਼ਸਰਾਂ ਦਾ ਇਸ ਮਿਸ਼ਨ ਨੂੰ ਪੂਰਾ ਕਰਨ ਲਈ ਕੰਮ ਕਰ ਰਹੀ ਟੀਮ ਦਾ ਹਿੱਸਾ ਬਣਨ ਉਤੇ ਸਵਾਗਤ ਹੈ।

Similar Posts

Leave a Reply

Your email address will not be published. Required fields are marked *