MI ਬਨਾਮ GT: ਗੁਜਰਾਤ ਟਾਈਟਨਜ਼ ਦੇ ਖ਼ਿਲਾਫ ਮੁੰਬਈ ਇੰਡੀਅਨਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਮੁੰਬਈ ਵੱਲੋਂ ਜੌਨੀ ਬੇਅਰਸਟੋ, ਰਿਚਰਡ ਗਲੀਸਨ ਨੇ ਆਪਣਾ ਡੈਬਿਊ ਕੀਤਾ ਹੈ। ਇਸ ਤੋਂ ਇਲਾਵਾ ਰਾਜ ਅੰਗਦ ਬਾਵਾ ਨੂੰ ਮੌਕਾ ਮਿਲਿਆ ਹੈ। ਇਸ ਦੇ ਨਾਲ ਹੀ ਗੁਜਰਾਤ ਟਾਈਟਨਜ਼ ਦੇ ਕਪਤਾਨ ਸ਼ੁਭਮਨ ਗਿੱਲ ਨੇ ਪਲੇਇੰਗ 11 ‘ਚ ਦੋ ਬਦਲਾਅ ਕੀਤੇ ਹਨ। ਜੋਸ ਬਟਲਰ ਦੀ ਜਗ੍ਹਾ ਕੁਸਲ ਮੈਂਡਿਸ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਰਸ਼ਦ ਦੀ ਜਗ੍ਹਾ ਵਾਸ਼ਿੰਗਟਨ ਸੁੰਦਰ ਨੂੰ ਮੌਕਾ ਮਿਲਿਆ ਹੈ।
ਸੂਰਿਆਕੁਮਾਰ ਨੇ ਬੱਲੇਬਾਜ਼ੀ ‘ਚ ਮੁੰਬਈ ਲਈ ਲਗਾਤਾਰ ਵਧੀਆ ਪ੍ਰਦਰਸ਼ਨ ਕੀਤਾ ਹੈ ਅਤੇ ਉਨ੍ਹਾਂ ਨੇ ਮੌਜੂਦਾ ਸੀਜ਼ਨ ‘ਚ 640 ਦੌੜਾਂ ਬਣਾਈਆਂ ਹਨ। ਜੇਕਰ ਉਹ ਅਸਫਲ ਰਹਿੰਦਾ ਹੈ ਤਾਂ ਮੁੰਬਈ ਦਾ ਰਸਤਾ ਬਹੁਤ ਮੁਸ਼ਕਿਲ ਹੋ ਜਾਵੇਗਾ।
ਮੁੰਬਈ ਦੇ ਬੱਲੇਬਾਜ਼ ਜਿਸ ਰਨ ਰੇਟ ‘ਤੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦੌੜਾਂ ਬਣਾ ਰਹੇ ਹਨ, ਉਹ ਵੀ ਚਿੰਤਾ ਦਾ ਕਾਰਨ ਹੈ ਅਤੇ ਹਾਰਦਿਕ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ। ਜਸਪ੍ਰੀਤ ਬੁਮਰਾਹ ਅਤੇ ਟ੍ਰੇਂਟ ਬੋਲਟ ਵਰਗੇ ਗੇਂਦਬਾਜ਼ਾਂ ਦੀ ਅਗਵਾਈ ‘ਚ ਮੁੰਬਈ ਦੇ ਗੇਂਦਬਾਜ਼ ਵਿਰੋਧੀ ਟੀਮ ਨੂੰ ਵਧੇਰੇ ਪਰੇਸ਼ਾਨ ਕਰ ਰਹੇ ਹਨ।
ਜੋਸ਼ ਬਟਲਰ ਦੇ ਬਦਲ ਵਜੋਂ, ਟੀਮ ਨੇ ਵਿਕਟਕੀਪਰ ਬੱਲੇਬਾਜ਼ ਕੁਸਲ ਮੈਂਡਿਸ ਨੂੰ ਟੀਮ ‘ਚ ਸ਼ਾਮਲ ਕੀਤਾ ਹੈ, ਪਰ ਇਹ ਦੇਖਣਾ ਬਾਕੀ ਹੈ ਕਿ ਕੀ ਉਹ ਇੰਗਲੈਂਡ ਦੇ ਇਸ ਸਟਾਰ ਬੱਲੇਬਾਜ਼ ਦੀ ਕਮੀ ਨੂੰ ਪੂਰਾ ਕਰਨ ਦੇ ਯੋਗ ਹੁੰਦਾ ਹੈ ਜਾਂ ਨਹੀਂ। ਮੈਂਡਿਸ ਦਾ ਖੇਡਣਾ ਲਗਭਗ ਤੈਅ ਹੈ। ਟਾਇਟਨਸ ਦੇ ਮੱਧ ਕ੍ਰਮ ‘ਚ ਮੌਜੂਦ ਸ਼ਾਹਰੁਖ ਖਾਨ ਬਹੁਤ ਵਧੀਆ ਫਾਰਮ ‘ਚ ਨਹੀਂ ਰਿਹਾ ਹੈ ਅਤੇ ਸ਼ੇਰਫੇਨ ਰਦਰਫੋਰਡ ਵੀ ਕੁਝ ਹੀ ਪਾਰੀਆਂ ‘ਚ ਦੌੜਾਂ ਬਣਾਉਣ ਦੇ ਯੋਗ ਰਿਹਾ ਹੈ। ਅਜਿਹੀ ਸਥਿਤੀ ‘ਚ ਮੁੰਬਈ ਵਿਰੁੱਧ ਟਾਇਟਨਸ ਦਾ ਰਸਤਾ ਆਸਾਨ ਨਹੀਂ ਹੋਵੇਗਾ।