ਮਾਰਕਫੈੱਡ ਦੇ ਐਮ.ਡੀ. ਨੇ ਨਿਰਵਿਘਨ ਖਰੀਦ ਕਾਰਜਾਂ ਨੂੰ ਯਕੀਨੀ ਬਣਾਉਣ ਲਈ ਸਬੰਧਤ ਡਿਪਟੀ ਕਮਿਸ਼ਨਰਾਂ ਦੇ ਨਾਲ ਲੁਧਿਆਣਾ, ਮੋਗਾ ਅਤੇ ਫਿਰੋਜ਼ਪੁਰ ਦੀਆਂ ਮੰਡੀਆਂ ਦਾ ਕੀਤਾ ਦੌਰਾ 

ਕਿਸਾਨਾਂ ਪ੍ਰਤੀ ਫਸਲ ਦੀ  ਨਿਰਵਿਘਨ ਖਰੀਦ ਦੀ ਵਚਨਬੱਧਤਾ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਗਿਰੀਸ਼ ਦਿਆਲਨ, ਐਮ.ਡੀ. ਮਾਰਕਫੈੱਡ ਨੇ ਲੁਧਿਆਣਾ, ਮੋਗਾ ਅਤੇ ਫਿਰੋਜ਼ਪੁਰ ਜ਼ਿਲਿਆਂ ਦੀਆਂ ਵੱਖ-ਵੱਖ ਮੰਡੀਆਂ ਦਾ ਦੌਰਾ ਕੀਤਾ।

ਉਨ੍ਹਾਂ ਲੁਧਿਆਣਾ ਵਿਖੇ ਡਿਪਟੀ ਕਮਿਸ਼ਨਰ, ਲੁਧਿਆਣਾ ਸ਼੍ਰੀਮਤੀ ਸਾਕਸ਼ੀ ਸਾਹਨੀ ਦੇ ਨਾਲ ਜਗਰਾਉਂ ਸਬ-ਡਵੀਜ਼ਨ ਦੀਆਂ ਮੰਡੀਆਂ ਦਾ ਸਾਂਝਾ ਦੌਰਾ ਕੀਤਾ। ਇਸ ਦੌਰਾਨ ਪਾਇਆ ਗਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਬਕਾਇਆ ਅਦਾਇਗੀ ਦੇ ਮੁਕਾਬਲੇ ਕੀਤੀ ਗਈ ਸਮੁੱਚੀ ਅਦਾਇਗੀ 120 ਫੀਸਦ ਹੈ – ਇਸ ਤਰ੍ਹਾਂ ਇਹ ਯਕੀਨੀ ਬਣਾਇਆ ਗਿਆ ਹੈ ਕਿ ਕਿਸਾਨਾਂ ਨੂੰ ਕੋਈ ਦਿੱਕਤ -ਪਰੇਸ਼ਾਨੀ ਨਾ ਹੋਵੇ ਅਤੇ ਅਦਾਇਗੀਆਂ 48 ਘੰਟੇ ਦੇ ਨਿਯਮਾਂ ਤੋਂ ਪਹਿਲਾਂ ਹੀ ਕੀਤੀਆਂ ਜਾ ਰਹੀਆਂ ਹਨ।

ਏਜੰਸੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ 24 ਘੰਟਿਆਂ ਵਿੱਚ ਖਰੀਦ ਨੂੰ ਯਕੀਨੀ ਬਣਾਉਣ ਅਤੇ 48 ਘੰਟਿਆਂ ਤੋਂ ਪਹਿਲਾਂ ਹੀ ਭੁਗਤਾਨ ਕਰਨਾ ਜਾਰੀ ਰੱਖਣ।

ਡਿਪਟੀ ਕਮਿਸ਼ਨਰ ਮੋਗਾ ਸ. ਕੁਲਵੰਤ ਸਿੰਘ ਨਾਲ ਸਾਂਝੇ ਦੌਰੇ ਦੌਰਾਨ ਇਹ ਪਾਇਆ ਗਿਆ ਕਿ ਖਰੀਦ ਦਾ ਕੰਮ ਪੂਰੇ ਜ਼ੋਰਾਂ ’ਤੇ ਹੈ ਪਰ ਬਾਰਦਾਨੇ ਦੀ ਕੁਝ ਵਾਧੂ ਲੋੜ ਹੋਵੇਗੀ, ਜੋ ਕਿ ਐਫ.ਸੀ.ਆਈ. ਵੱਲੋਂ ਉਪਲਬਧ ਕਰਵਾਇਆ ਜਾਵੇਗਾ।

ਮੰਡੀਆਂ ਵਿੱਚੋਂ ਲਿਫਟਿੰਗ ਦੀ ਪ੍ਰਗਤੀ ਨੂੰ 72 ਘੰਟੇ ਦੇ ਨਿਯਮ ਤੋਂ ਪਹਿਲਾਂ ਹੀ ਕਰਨ ਦੀ ਮੰਗ ਕੀਤੀ ਗਈ ਤਾਂ ਜੋ ਥੋੜ੍ਹੇ ਸਮੇਂ ਵਿੱਚ ਵੱਧ ਆਮਦ ਲਈ ਜਗ੍ਹਾ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾ ਸਕੇ ਕਿਉਂਕਿ ਇਸ ਸਾਲ ਫਸਲੀ ਚੱਕਰ ਸੰਕੁਚਿਤ ਹੋ ਗਿਆ ਹੈ।

ਫਿਰੋਜ਼ਪੁਰ ਵਿਖੇ ਰਾਜੇਸ਼ ਧੀਮਾਨ, ਡਿਪਟੀ ਕਮਿਸ਼ਨਰ, ਫਿਰੋਜ਼ਪੁਰ ਨਾਲ ਦੌਰੇ ਮੌਕੇ ਇਹ ਵੀ ਪਾਇਆ ਕਿ ਲਿਫਟਿੰਗ ਦੀ ਰਫਤਾਰ ਚੰਗੀ ਹੈ, ਪਰ ਫਿਰ ਵੀ ਵੱਧ ਆਮਦ ਦੇ ਮੱਦੇਨਜ਼ਰ ਹੋਰ ਪ੍ਰਬੰਧਾਂ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ।

ਇਸ ਮੌਕੇ ਸਮੂਹ ਏਜੰਸੀਆਂ ਦੇ ਸਟਾਫ਼ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਮੰਡੀਆਂ ਨੂੰ ਗੰਦਗੀ ਤੋਂ ਮੁਕਤ ਰੱਖਣ ਲਈ ਲਿਫਟਿੰਗ ਨੂੰ ਪਹਿਲ ਦੇ ਆਧਾਰ ’ਤੇ ਯਕੀਨੀ ਬਣਾਇਆ ਜਾਵੇ ਅਤੇ ਨਵੀਂ ਆਈ ਕਣਕ  ਲਈ ਜਗ੍ਹਾ ਉਪਲਬਧ ਕਰਵਾਈ ਜਾਵੇ।

ਇਹ ਵੀ ਦੇਖਿਆ ਗਿਆ ਕਿ ਫਸਲ ਦੀ ਗੁਣਵੱਤਾ ਬਹੁਤ ਵਧੀਆ ਸੀ ਅਤੇ ਕਿਸਾਨਾਂ ਦੁਆਰਾ ਲਿਆਂਦੀ ਜਾ ਰਹੀ ਉਪਜ 12 ਫੀਸਦ ਨਮੀ ਦੇ ਮਾਪਦੰਡ ਅਨੁਸਾਰ ਸੀ। ਸਾਰੀਆਂ ਮੰਡੀਆਂ ਵਿੱਚ ਬਿਨਾਂ ਕਿਸੇ ਦੇਰੀ ਤੋਂ ਫਸਲ ਖਰੀਦ ਕੀਤੀ ਜਾ ਰਹੀ ਸੀ ਅਤੇ ਜਿਣਸ ਦੀ ਸਫਾਈ ਕਰਕੇ ਅਤੇ ਤੇਜ਼ੀ ਨਾਲ ਬੋਰੀਆਂ ਵਿੱਚ ਭਰਾਈ ਕੀਤੀ ਜਾ ਰਹੀ ਸੀ।

Leave a Reply

Your email address will not be published. Required fields are marked *