ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਚਾਰ ਹੋਰ ਕੈਡਿਟ ਬਣੇ ਫੌਜ ਦੇ ਕਮਿਸ਼ਨਡ ਅਫ਼ਸਰ

ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, (ਐਮ.ਆਰ.ਐਸ.ਏ.ਐਫ.ਪੀ.ਆਈ.), ਐਸਏਐਸ ਨਗਰ (ਮੁਹਾਲੀ) ਦੇ ਚਾਰ ਹੋਰ ਕੈਡਿਟ ਅੱਜ ਦੇਹਰਾਦੂਨ ਦੀ ਵੱਕਾਰੀ ਇੰਡੀਅਨ ਮਿਲਟਰੀ ਅਕੈਡਮੀ ਵਿਖੇ ਹੋਈ ਪਾਸਿੰਗ ਆਊਟ ਪਰੇਡ ਬਾਅਦ ਭਾਰਤੀ ਫੌਜ ਵਿੱਚ ਕਮਿਸ਼ਨਡ ਅਫਸਰ ਵਜੋਂ ਚੁਣੇ ਗਏ ਹਨ। ਇਹਨਾਂ ਚਾਰ ਕੈਡਿਟਾਂ ਵਿੱਚ ਸਵਾਸਤਿਕ ਸ਼ਰਮਾ, ਸਰਬਜੋਤ ਸਿੰਘ, ਦਿਵੇਸ਼ ਠਾਕੁਰ ਅਤੇ ਗੋਵਿੰਦ ਗੁਪਤਾ ਸ਼ਾਮਲ ਹਨ।

ਇਨ੍ਹਾਂ ਕੈਡਿਟਾਂ ਦੇ ਭਾਰਤੀ ਫੌਜ ਵਿੱਚ ਸ਼ਾਮਲ ਹੋਣ ਨਾਲ, ਇਸ ਇੰਸਟੀਚਿਊਟ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੁੱਲ 145 ਕੈਡਿਟ ਭਾਰਤੀ ਹਥਿਆਰਬੰਦ ਬਲਾਂ ਵਿੱਚ ਕਮਿਸ਼ਨਡ ਅਫਸਰ ਵਜੋਂ ਭਰਤੀ ਹੋਏ ਹਨ।

ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਇਨ੍ਹਾਂ ਕੈਡਿਟਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸੱਤਾ ਸੰਭਾਲਣ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਕੁੱਲ 42 ਕੈਡਿਟ ਭਰਤੀ ਹੋਏ ਹਨ।  ਉਨ੍ਹਾਂ ਨੇ ਇਨ੍ਹਾਂ ਕੈਡਿਟਾਂ ਨੂੰ ਬਿਹਤਰ ਸੇਵਾਵਾਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ।

ਐਮ.ਆਰ.ਐਸ.ਏ.ਐਫ.ਪੀ.ਆਈ. ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐਚ. ਚੌਹਾਨ (ਸੇਵਾਮੁਕਤ) ਨੇ ਕੈਡਿਟਾਂ ਨੂੰ ਸੰਸਥਾ ਦੇ “ਨਿਸਚੈ ਕਰਿ ਅਪੁਨੀ ਜੀਤ ਕਰੋਂ” ਦੇ ਮਨੋਰਥ ‘ਤੇ ਚੱਲਦਿਆਂ ਪੰਜਾਬ ਦੇ ਸਪੂਤ ਅਤੇ ਦੇਸ਼ ਦੇ ਸੱਚੇ ਸਿਪਾਹੀ ਬਣਨ ਲਈ ਪ੍ਰੇਰਿਆ।

ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਵੱਲੋਂ ਨਵੇਂ ਕੋਰਸ ਲਈ ਅਰਜ਼ੀਆਂ ਦੀ ਮੰਗ

ਮੇਜਰ ਜਨਰਲ ਅਜੈ ਐਚ. ਚੌਹਾਨ (ਸੇਵਾਮੁਕਤ) ਨੇ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਨੇ 14ਵੇਂ ਕੋਰਸ ਲਈ ਦਾਖਲਾ ਪ੍ਰੀਖਿਆ ਬਾਬਤ ਅਰਜ਼ੀਆਂ ਦੀ ਮੰਗ ਕੀਤੀ ਹੈ। ਇੱਛੁਕ ਉਮੀਦਵਾਰ 29 ਦਸੰਬਰ, 2023 ਤੱਕ ਆਨਲਾਈਨ ਪੋਰਟਲ http://recruitment-portal.in ‘ਤੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ।

Leave a Reply

Your email address will not be published. Required fields are marked *