ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਬੇਹੱਦ ਸਖ਼ਤ ਰੁਖ਼ ਅਪਣਾਇਆ ਜਾ ਰਿਹਾ ਹੈ। ਇਸੇ ਦੇ ਤਹਿਤ ਸੂਬੇ ਦੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਸ਼੍ਰੀ ਲਾਲ ਚੰਦ ਕਟਾਰੂਚੱਕ ਦੇ ਨਿਰਦੇਸ਼ਾਂ ਉੱਤੇ ਕੀਤੀ ਪੜਤਾਲ ਉਪਰੰਤ ਗੁਲਾਬ ਸਿੰਘ, ਫਾਰੈਸਟਰ, ਦਫਤਰ ਵਣ ਮੰਡਲ ਅਫਸਰ, ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਵਿੱਤ ਕਮਿਸ਼ਨਰ (ਜੰਗਲਾਤ) ਕ੍ਰਿਸ਼ਨ ਕੁਮਾਰ ਵੱਲੋਂ ਮੁਅੱਤਲ ਕਰ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਧਿਆਨ ਵਿੱਚ ਆਇਆ ਕਿ ਗੁਲਾਬ ਸਿੰਘ, ਫਾਰੈਸਟਰ, ਦਫਤਰ ਵਣ ਮੰਡਲ ਅਫਸਰ, ਸ਼੍ਰੀ ਅੰਮ੍ਰਿਤਸਰ ਸਾਹਿਬ ਜਨਰਲ ਕੈਟਾਗਿਰੀ ਨਾਲ ਸਬੰਧ ਰੱਖਦਾ ਹੈ, ਪ੍ਰੰਤੂ ਉਹ ਅਨੁਸੂਚਿਤ ਜਾਤੀ ਦੇ ਜਾਅਲੀ ਸਰਟੀਫਿਕੇਟ ਦੇ ਅਧਾਰ ਉੱਤੇ ਵਿਭਾਗ ਵਿੱਚ ਨੌਕਰੀ ਕਰ ਰਿਹਾ ਹੈ। ਇਸਦੀ ਪੜਤਾਲ ਵਣ ਰੇਂਜ ਅਫਸਰ, ਸ਼੍ਰੀ ਮੁਕਤਸਰ ਸਾਹਿਬ ਪਾਸੋਂ ਕਰਵਾਈ ਗਈ। ਮੁੱਢਲੀ ਪੜਤਾਲ ਦੌਰਾਨ ਦੋਸ਼ ਸਿੱਧ ਕੀਤੇ ਗਏ ਹਨ। ਦੋਸ਼ਾਂ ਦੇ ਅਧਾਰ ਉੱਤੇ ਗੁਲਾਬ ਸਿੰਘ ਨੂੰ ਸਰਕਾਰੀ ਸੇਵਾ ਤੋਂ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਕੇ ਉਸਦਾ ਹੈੱਡਕੁਆਟਰ ਵਣ ਮੰਡਲ ਅਫਸਰ, ਗੁਰਦਾਸਪੁਰ ਵਿਖੇ ਬਣਾਇਆ ਗਿਆ ਹੈ ਅਤੇ ਉਸ ਵਿਰੁੱਧ ਰੈਗੂਲਰ ਪੜਤਾਲ ਵੱਖਰੇ ਤੌਰ ਉੱਤੇ ਆਰੰਭ ਦਿੱਤੀ ਗਈ ਹੈ।