ਲੁਧਿਆਣਾ ਦੇ ਢੰਡਾਰੀ ਕਲਾਂ, ਵਿਖੇ ਈ.ਐਸ.ਆਈ. ਡਿਸਪੈਂਸਰੀ ਵਿੱਚ ਤਾਇਨਾਤ ਕਲਰਕ ਰਵਿੰਦਰ ਸਿੰਘ ਨੂੰ 15,000 ਰੁਪਏ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਵਿਜੀਲੈਸ ਬਿਊਰੋ ਨੇ ਕਾਬੂ ਕੀਤਾ ਹੈ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਰਵਿੰਦਰ ਸਿੰਘ ਨੂੰ ਰਾਜਵੰਤ ਸਿੰਘ ਵਾਸੀ ਪਿੰਡ ਚਣਕੋਈਆਂ ਜ਼ਿਲ੍ਹਾ ਲੁਧਿਆਣਾ, ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ‘ਤੇ ਕਾਬੂ ਕੀਤਾ ਗਿਆ ਹੈ।
ਸ਼ਿਕਾਇਤਕਰਤਾ ਨੇ ਦੱਸਿਆ ਹੈ ਕਿ ਉਸਨੇ ਡੀ.ਐਮ.ਸੀ. ਹਸਪਤਾਲ ਲੁਧਿਆਣਾ ਵਿਖੇ ਆਪਣਾ ਇਲਾਜ ਕਰਵਾਇਆ ਸੀ ਅਤੇ ਈ.ਐਸ.ਆਈ. ਸਕੀਮ ਅਧੀਨ ਮੁਫ਼ਤ ਇਲਾਜ ਦਾ ਲਾਭਪਾਤਰੀ ਹੋਣ ਕਰਕੇ ਉਸਦੇ 4,78,136 ਰੁਪਏ ਦੇ ਬਿੱਲ ਈ.ਐਸ.ਆਈ. ਡਿਸਪੈਂਸਰੀ ਵਿੱਚ ਭੁਗਤਾਨ ਲਈ ਬਕਾਇਆ ਪਇਆ ਸੀ।
ਡੀਲਿੰਗ ਕਲਰਕ ਰਵਿੰਦਰ ਸਿੰਘ ਨੇ ਉਸਦੇ ਬਿੱਲ ਦਾ ਭੁਗਤਾਨ ਕਰਨ ਬਦਲੇ 30,000 ਰੁਪਏ ਦੀ ਮੰਗ ਕੀਤੀ ਹੈ ਅਤੇ ਰਿਸ਼ਵਤ ਨਾ ਦੇਣ ਦੀ ਸੂਰਤ ਵਿੱਚ ਕੁੱਲ ਰਕਮ ਵਿੱਚੋਂ ਸਿਰਫ 1,25,000 ਰੁਪਏ ਦੇ ਬਿੱਲ ਹੀ ਪਾਸ ਕੀਤੇ ਜਾਣਗੇ।
ਜਿਸ ਵਿੱਚ 20,000 ਰੁਪਏ ਮੋਕੇ ਤੇ ਅਤੇ ਬਾਕੀ 10,000 ਰੁਪਏ ਬਾਅਦ ਵਿੱਚ ਦੇਣ ਲਈ ਕਿਹਾ ਗਿਆ।
ਵਿਜੀਲੈਂਸ ਬਿਊਰੋ ਰੇਂਜ ਲੁਧਿਆਣਾ ਨੇ ਜਾਲ ਵਿਛਾ ਕੇ ਉਕਤ ਮੁਲਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਪਾਸੋਂ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ 15,000 ਰੁਪਏ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।