ਫਰੀਦਕੋਟ 25 ਜੂਨ : ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਪੁਲਿਸ ਦੇ ਟ੍ਰੈਫਿਕ ਵਿੰਗ ਨੂੰ ਹਦਾਇਤ ਕੀਤੀ ਕਿ ਜਿਲ੍ਹੇ ਦੇ ਵਿੱਚ ਰਾਤ ਦੇ ਸਮੇਂ ਵਹੀਕਲ ਹਾਈ ਬੀਮ ਲਾਈਟਾਂ ਤੇ ਚਲਾਉਣ ਅਤੇ ਵਾਹਨ ਤੇਜ਼ ਰਫਤਾਰ ਨਾਲ ਚਲਾਉਣ ਵਾਲਿਆਂ ਤੇ ਸਖਤ ਕਾਰਵਾਈ ਕੀਤੀ ਜਾਵੇ ਅਤੇ ਅਜਿਹੇ ਵਾਹਨਾਂ ਦੇ ਵੱਧ ਤੋਂ ਵੱਧ ਚਾਲਾਨ ਕੀਤੇ ਜਾਣ। ਇਸ ਤੋਂ ਇਲਾਵਾ ਮੈਡੀਕਲ ਕਾਲਜ ਦੇ ਸਾਹਮਣੇ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਹੁਕਮ ਵੀ ਜਾਰੀ ਕੀਤੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਜਿਲ੍ਹੇ ਦੇ ਤਿੰਨਾਂ ਸ਼ਹਿਰਾਂ ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਦੇ ਬਾਜ਼ਾਰਾਂ ਵਿੱਚ ਵਾਹਨ ਤੇਜ਼ ਰਫਤਾਰ ਨਾਲ ਚਲਾਏ ਜਾਂਦੇ ਹਨ। ਕਈ ਵਾਰ ਤਾਂ ਵੱਡੇ ਵਹੀਕਲ ਜਿਵੇਂ ਕਿ ਬੱਸ ਅਤੇ ਟਰੱਕ ਆਦਿ ਵੀ ਤੇਜ਼ ਰਫਤਾਰ ਨਾਲ ਚੱਲਦੇ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਰਾਤ ਦੇ ਸਮੇਂ ਕਈ ਵਹੀਕਲ ਹਾਈ ਬੀਮ ਲਾਈਟਾਂ ਤੇ ਚਲਾਏ ਜਾਂਦੇ ਹਨ, ਜਿਸ ਨਾਲ ਰਾਤ ਦੇ ਸਮੇਂ ਛੋਟੇ ਵਾਹਨਾਂ ਦੇ ਡਰਾਈਵਰਾਂ ਨੂੰ ਦੇਖਣ ਵਿੱਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਭਿਆਨਕ ਹਾਦਸੇ ਵਾਪਰ ਸਕਦੇ ਹਨ ਅਤੇ ਜਾਨੀ ਤੇ ਮਾਲੀ ਨੁਕਸਾਨ ਹੋਣ ਦਾ ਡਰ ਰਹਿੰਦਾ ਹੈ।
ਇਸੇ ਹੀ ਤਰ੍ਹਾਂ ਉਨ੍ਹਾਂ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਮੇਨ ਗੇਟ ਦੇ ਦੋਨੋਂ ਪਾਸੇ ਟ੍ਰੈਫਿਕ ਦੀ ਸਮੱਸਿਆਂ ਨੂੰ ਉਨ੍ਹਾਂ ਦੇ ਧਿਆਨ ਲਿਆਂਦਾ ਗਿਆ ਹੈ। ਰੇੜੀਆਂ, ਆਟੋ ਚਾਲਕ ਅਤੇ ਈ-ਰਿਕਸ਼ਾ ਵਾਲਿਆਂ ਦਾ ਕਾਫੀ ਇਕੱਠ ਰਹਿੰਦਾ ਹੈ ਜਿਸ ਕਰਕੇ ਮਰੀਜ਼ਾਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਹਸਪਤਾਲ ਵਿੱਚ ਆਉਣ ਜਾਣ ਵਿੱਚ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਬਾਹਰ ਬਣੇ ਫੁੱਟਪਾਥ ਤੇ ਅਕਸਰ ਫਰੂਟ ਅਤੇ ਸਬਜ਼ੀ ਦੀਆਂ ਰੇਹੜੀਆਂ ਖੜ੍ਹੀਆਂ ਰਹਿੰਦੀਆਂ ਹਨ, ਜਿਸ ਕਾਰਨ ਰਾਹਗੀਰਾਂ ਨੂੰ ਲੰਘਣ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਟਰੈਫਿਕ ਪੁਲਿਸ ਨੂੰ ਹਦਾਇਤ ਕੀਤੀ ਕਿ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਸੁਚੱਜੇ ਪ੍ਰਬੰਧ ਕੀਤੇ ਜਾਣ ਅਤੇ ਉਲੰਘਣਾ ਕਰਨ ਵਾਲਿਆਂ ਵਿਰੱਧ ਕਾਰਵਾਈ ਕਰਦੇ ਹੋਏ ਚਾਲਾਨ ਕੱਟੇ ਜਾਣ।