ਸੂਬੇ ਦੇ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 26 ਜੁਲਾਈ, 2024 ਨੂੰ ਫਸਲੀ ਰਹਿੰਦ-ਖੂੰਹਦ ਪ੍ਰਬੰਧਨ (ਸੀ.ਆਰ.ਐਮ.) ਮਸ਼ੀਨਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਕਰਨ ਦਾ ਫੈਸਲਾ ਕੀਤਾ ਹੈ, ਜੋ ਕਿ ਪਿਛਲੇ ਸੀਜ਼ਨ ਤੋਂ ਲੰਬਿਤ ਪਈ ਹੈ।
ਇਹ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਪਿਛਲੇ ਸਾਲ ਤੋਂ ਲਗਪਗ 5034 ਸੀ.ਆਰ.ਐਮ ਮਸ਼ੀਨਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਬਕਾਇਆ ਪਈ ਹੈ, ਜਿਸ ਕਾਰਨ ਲਾਭਪਾਤਰੀ ਕਿਸਾਨਾਂ ਨੂੰ ਲਗਭਗ 58 ਕਰੋੜ ਰੁਪਏ ਦੀ ਸਬਸਿਡੀ ਨਹੀਂ ਵੰਡੀ ਜਾ ਸਕੀ। ਉਨ੍ਹਾਂ ਨੇ ਲਾਭਪਾਤਰੀ ਕਿਸਾਨਾਂ, ਕਿਸਾਨ ਸਮੂਹਾਂ, ਪੰਚਾਇਤਾਂ, ਸਹਿਕਾਰੀ ਸਭਾਵਾਂ, ਜਿਨ੍ਹਾਂ ਦੀਆਂ ਮਸ਼ੀਨਾਂ ਦੀ ਵੈਰੀਫਿਕੇਸ਼ਨ ਅਜੇ ਬਕਾਇਆ ਹੈ, ਨੂੰ ਅਪੀਲ ਕੀਤੀ ਹੈ ਕਿ ਉਹ ਸਬਸਿਡੀ ਦਾ ਲਾਭ ਲੈਣ ਵਾਸਤੇ ਸਬੰਧਤ ਜ਼ਿਲ੍ਹਾ ਖੇਤੀਬਾੜੀ ਦਫ਼ਤਰਾਂ ਨਾਲ ਸੰਪਰਕ ਕਰਕੇ ਨਿਰਧਾਰਿਤ ਸਮੇਂ ਅਤੇ ਸਥਾਨ ‘ਤੇ ਆਪਣੀਆਂ ਮਸ਼ੀਨਾਂ ਨੂੰ ਲਿਜਾ ਕੇ ਜਲਦ ਤੋਂ ਜਲਦ ਵੈਰੀਫਿਕੇਸ਼ਨ ਕਰਵਾ ਲੈਣ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਪਿਛਲੇ ਪੰਜ ਸਾਲਾਂ ਤੋਂ ਸੂਬੇ ਵਿੱਚ ਪਰਾਲੀ ਅਤੇ ਹੋਰ ਫ਼ਸਲੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਸੀ.ਆਰ.ਐਮ. ਸਕੀਮ ਲਾਗੂ ਕਰ ਰਹੀ ਹੈ। ਇਸ ਸਕੀਮ ਤਹਿਤ ਕਿਸਾਨਾਂ ਨੂੰ ਸੀ.ਆਰ.ਐਮ. ਮਸ਼ੀਨਾਂ ਦੀ ਖਰੀਦ ‘ਤੇ ਸਬਸਿਡੀ ਦਿੱਤੀ ਜਾ ਰਹੀ ਹੈ। ਕੁੱਝ ਕਿਸਾਨ ਨਿੱਜੀ ਕਾਰਨਾਂ ਕਰਕੇ 01 ਨਵੰਬਰ ਤੇ 08 ਦਸੰਬਰ, 2023 ਅਤੇ ਬਾਅਦ ਵਿੱਚ 18 ਮਾਰਚ, 2024 ਨੂੰ ਆਪਣੀਆਂ ਮਸ਼ੀਨਾਂ ਦੀ ਵੈਰੀਫਿਕੇਸ਼ਨ ਨਹੀਂ ਕਰਵਾ ਸਕੇ ਸਨ, ਜਿਸ ਕਾਰਨ ਇਨ੍ਹਾਂ ਕਿਸਾਨਾਂ ਨੂੰ ਆਪਣੀਆਂ ਮਸ਼ੀਨਾਂ ਦੀ ਵੈਰੀਫਿਕੇਸ਼ਨ ਕਰਵਾਉਣ ਲਈ ਦੁਬਾਰਾ ਸਮਾਂ ਦਿੱਤਾ ਗਿਆ ਹੈ।