ਸੰਗਰੂਰ, 11 ਅਗਸਤ 2025: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੰਗਰੂਰ ਦੇ ਵਾਸੀਆਂ ਨੂੰ ਦੋ ਵੱਡੇ ਤੋਹਫ਼ੇ ਦਿੱਤੇ ਹਨ। ਮੁੱਖ ਮੰਤਰੀ ਮਾਨ ਨੇ ਸਰਕਾਰੀ ਨਰਸਿੰਗ ਸਿਖਲਾਈ ਸਕੂਲ ਅਤੇ ਆਜ਼ਾਦੀ ਘੁਲਾਟੀਏ ਜਥੇਦਾਰ ਕਰਤਾਰ ਸਿੰਘ ਦਰਵੇਸ਼ ਸਕੂਲ ਆਫ਼ ਐਮੀਨੈਂਸ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ। ਸੀਐਮ ਭਗਵੰਤ ਮਾਨ ਨੇ ਕਿਹਾ ਕਿ 7 ਕਰੋੜ 81 ਲੱਖ ਰੁਪਏ ਦੀ ਲਾਗਤ ਨਾਲ ਬਣੀ ਨਰਸਿੰਗ ਸਕੂਲ ਦੀ ਨਵੀਂ ਇਮਾਰਤ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਸਕੂਲ ਤੋਂ ਨਾ ਸਿਰਫ਼ ਸਥਾਨਕ ਵਿਦਿਆਰਥੀਆਂ ਨੂੰ ਲਾਭ ਹੋਵੇਗਾ, ਸਗੋਂ ਪੇਂਡੂ ਖੇਤਰਾਂ ਦੇ ਬੱਚੇ ਵੀ ਦੂਰ ਜਾਣ ਦੀ ਬਜਾਏ ਇੱਥੇ ਆਪਣੀ ਨਰਸਿੰਗ ਦੀ ਪੜ੍ਹਾਈ ਪੂਰੀ ਕਰ ਸਕਣਗੇ। ਮੁੱਖ ਮੰਤਰੀ ਨੇ ਇਹ ਵੀ ਵਾਅਦਾ ਕੀਤਾ ਕਿ ਛੇਤੀਹੀ ਪੰਜਾਬ ‘ਚ ਮੈਡੀਕਲ ਸਿੱਖਿਆ ਲਈ ਹੋਰ ਆਧੁਨਿਕ ਸਕੂਲ ਅਤੇ ਕਾਲਜ ਖੋਲ੍ਹੇ ਜਾਣਗੇ।
ਇਸ ਦੇ ਨਾਲ ਹੀ ਆਜ਼ਾਦੀ ਘੁਲਾਟੀਏ ਜਥੇਦਾਰ ਕਰਤਾਰ ਸਿੰਘ ਦਰਵੇਸ਼ ਸਕੂਲ ਆਫ਼ ਐਮੀਨੈਂਸ ਨੂੰ 3 ਕਰੋੜ 40 ਲੱਖ ਰੁਪਏ ਦੀ ਲਾਗਤ ਨਾਲ ਅਪਗ੍ਰੇਡ ਕੀਤਾ ਗਿਆ ਹੈ। ਸੀਐਮ ਮਾਨ ਨੇ ਇਸਨੂੰ ਸਿੱਖਿਆ ਦੇ ਖੇਤਰ ‘ਚ ਇੱਕ ਵੱਡਾ ਕਦਮ ਦੱਸਿਆ ਅਤੇ ਕਿਹਾ ਕਿ ਇਹ ਸਕੂਲ ਇਲਾਕੇ ਦੇ ਬੱਚਿਆਂ ਨੂੰ ਉੱਚ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰੇਗਾ। ਇਸ ਮੌਕੇ ਸਥਾਨਕ ਲੋਕਾਂ ਨੇ ਮੁੱਖ ਮੰਤਰੀ ਦੇ ਇਸ ਯਤਨ ਦੀ ਸ਼ਲਾਘਾ ਕੀਤੀ।