ਬੈਂਕ ਮੈਨੇਜਰ ਵੱਲੋਂ 50 ਕਰੋੜ ਦਾ ਘਪਲਾ ਕੀਤਾ ਗਿਆ। ਇਹ ਘਟਨਾ ਮੁਹਾਲੀ ਜ਼ਿਲ੍ਹੇ ਦੇ ਪਿੰਡ ਬਾਂਸੇਪੁਰ ਦੀ ਦੱਸੀ ਜਾ ਰਹੀ ਹੈ। ਮਾਮਲੇ ਦਾ ਪਤਾ ਲੱਗਦਿਆਂ ਹੀ ਜਿਨ੍ਹਾਂ ਲੋਕਾਂ ਦੇ ਬੈਂਕ ‘ਚ ਖਾਤੇ ਹਨ ਉਹ ਸਾਰੇ ਬੈਂਕ ‘ਚ ਪਹੁੰਚ ਕੇ ਆਪਣੇ ਖਾਤਿਆਂ ਦੀ ਜਾਂਚ ਕਰ ਰਹੇ ਹਨ। ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਇੱਥੇ ਗੌਰਵ ਕੁਮਾਰ ਨਾਂ ਦਾ ਬੈਂਕ ਮੈਨੇਜਰ ਪਿਛਲੇ ਕਈ ਸਾਲਾਂ ਤੋਂ ਤਾਇਨਾਤ ਸੀ।
ਲੋਕਾਂ ਨੇ ਦੱਸਿਆ ਕਿ ਜਦੋਂ ਪਿੰਡ ਵਾਸੀ ਮੈਨੇਜਰ ਕੋਲ ਆਪਣੀ ਪਾਸਬੁੱਕ ਤੇ ਐਂਟਰੀ ਕਰਵਾਉਣ ਲਈ ਜਾਂਦੇ ਸੀ ਤਾਂ ਉਹ ਮਸ਼ੀਨ ਖਰਾਬ ਹੋਣ ਦਾ ਬਹਾਨਾ ਲਗਾ ਦਿੰਦਾ ਸੀ। ਇਸ ਸਬੰਧੀ ਨੇੜਲੇ ਪਿੰਡ ਕੰਸਾਲਾ ਦੀ ਸ਼ਾਖਾ ਤੋਂ ਇੱਕ ਪਿੰਡ ਵਾਸੀ ਨੇ ਆਪਣੀ ਪਾਸਬੁੱਕ ਦੀ ਸਟੇਟਮੈਂਟ ਕਢਵਾ ਲਈ। ਇਸ ਬਾਰੇ ਬੈਂਕ ਮੈਨੇਜਰ ਨੂੰ ਵੀ ਭਨਕ ਲੱਗ ਗਈ ਅਤੇ ਉਹ ਉਦੋਂ ਤੋਂ ਹੀ ਗਾਇਬ ਹੈ।
ਪਿੰਡ ਵਾਸੀਆਂ ਨੇ ਦੱਸਿਆ ਕਿ ਲੋਕਾਂ ਨੇ ਆਪਣੀ ਜਮ੍ਹਾ-ਪੂੰਜੀ ਬੈਂਕ ‘ਚ ਫਿਕਸਡ ਡਿਪਾਜ਼ਿਟ ਕਰਵਾਈ ਸੀ ਪਰ ਬੈਂਕ ਮੈਨੇਜਰ ਨੇ ਉਨ੍ਹਾਂ ਲੋਕਾਂ ਦੇ ਖਾਤਿਆਂ ਵਿੱਚ ਜੁੜੇ ਮੋਬਾਈਲ ਨੰਬਰ ਬਦਲ ਦਿੱਤੇ। ਜਿਸ ਕਾਰਨ ਲੋਕਾਂ ਤੱਕ ਪੈਸੇ ਕਢਵਾਉਣ ਦਾ ਕੋਈ ਸੁਨੇਹਾ ਨਹੀਂ ਪਹੁੰਚਿਆ। ਹੁਣ ਜਦੋਂ ਮੈਨੇਜਰ ਪਿਛਲੇ ਦੋ ਦਿਨਾਂ ਤੋਂ ਬਿਨਾਂ ਕਿਸੇ ਸੂਚਨਾ ਦੇ ਬ੍ਰਾਂਚ ਵਿੱਚ ਨਹੀਂ ਆਇਆ ਤਾਂ ਲੋਕਾਂ ਨੂੰ ਸ਼ੱਕ ਹੋਇਆ। ਦੋ ਦਿਨ ਪਹਿਲਾਂ ਹੀ ਉਸ ਨੇ ਨਿਊ ਚੰਡੀਗੜ੍ਹ ਦੀ ਇੱਕ ਸੁਸਾਇਟੀ ਵਿੱਚ ਸਥਿਤ ਆਪਣਾ ਫਲੈਟ ਵੀ ਖਾਲੀ ਕਰ ਦਿੱਤਾ ਸੀ। ਹੁਣ ਉਸ ਦੇ ਫਲੈਟ ਨੂੰ ਤਾਲਾ ਲੱਗਾ ਹੋਇਆ ਹੈ ਅਤੇ ਮੁਲਜ਼ਮ ਮੈਨੇਜਰ ਦਾ ਫੋਨ ਵੀ ਬੰਦ ਹੈ।