ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਆਪਣੀ ਮੁਹਿੰਮ ਦੌਰਾਨ ਅੱਜ ਇੱਕ ਪ੍ਰਾਈਵੇਟ ਵਿਅਕਤੀ ਵਿਜੇ ਕੁਮਾਰ ਉਰਫ ਡੀ.ਸੀ. ਨੂੰ 70,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ ਜੋ ਕਿ ਇਹ ਰਿਸ਼ਵਤ ਜ਼ਿਲ੍ਹਾ ਲੁਧਿਆਣਾ ਦੀ ਕੰਗਣਵਾਲ ਪੁਲਿਸ ਚੌਕੀ ਦੇ ਇੰਚਾਰਜ ਸਬ-ਇੰਸਪੈਕਟਰ ਰਾਜਵੰਤ ਸਿੰਘ ਵਾਸਤੇ ਲੈ ਰਿਹਾ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਸੁਭਾਸ਼ ਕੁਮਾਰ ਵਾਸੀ ਅਰਬਨ ਵਿਹਾਰ, ਲੁਧਿਆਣਾ ਦੀ ਸ਼ਿਕਾਇਤ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਲੁਧਿਆਣਾ ਰੇਂਜ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਕਤ ਪੁਲਿਸ ਚੌਕੀ ਇੰਚਾਰਜ ਉਸ ਦੇ ਇੱਕ ਗੁਆਂਢੀ ਵੱਲੋਂ ਹਰਪਾਲ ਨਗਰ, ਇੰਡਸਟਰੀਅਲ ਏਰੀਆ, ਲੁਧਿਆਣਾ ਵਿਖੇ ਸਥਿਤ ਉਸਦੀ ਫੈਕਟਰੀ ਦੇ ਪਿੱਛੇ ਗੇਟ ਖੋਲ੍ਹਣ ਵਿਰੁੱਧ ਦਿੱਤੀ ਸ਼ਿਕਾਇਤ ਦੇ ਨਿਪਟਾਰੇ ਬਦਲੇ ਇੱਕ ਲੱਖ ਰੁਪਏ ਰਿਸ਼ਵਤ ਮੰਗ ਰਿਹਾ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਪੁਲਿਸ ਮੁਲਾਜ਼ਮ ਦੀ ਤਰਫ਼ੋਂ ਵਿਜੇ ਕੁਮਾਰ ਉਰਫ਼ ਡੀਸੀ ਨਾਮ ਦੇ ਵਿਅਕਤੀ ਨੇ ਇਸ ਮਾਮਲੇ ਵਿੱਚ ਦਖ਼ਲ ਦੇ ਕੇ ਉਕਤ ਸਬ ਇੰਸਪੈਕਟਰ ਨਾਲ 80,000 ਰੁਪਏ ਵਿੱਚ ਸੌਦਾ ਤੈਅ ਕਰਵਾਇਆ। ਉਸ ਨੇ ਅੱਗੇ ਦੱਸਿਆ ਕਿ ਪੁਲੀਸ ਸਬ-ਇੰਸਪੈਕਟਰ ਨੇ ਦਬਾਅ ਪਾ ਕੇ ਉਸ ਤੋਂ ਪਹਿਲੀ ਕਿਸ਼ਤ ਵਜੋਂ 10,000 ਰੁਪਏ ਪਹਿਲਾਂ ਹੀ ਲੈ ਲਏ ਹਨ ਅਤੇ ਹੁਣ ਉਹ ਆਪਣੇ ਉਕਤ ਵਿਚੋਲੇ ਰਾਹੀਂ ਬਾਕੀ ਪੈਸੇ ਮੰਗ ਰਿਹਾ ਹੈ।
ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਰੇਂਜ ਲੁਧਿਆਣਾ ਨੇ ਇਸ ਸ਼ਿਕਾਇਤ ਦੀ ਮੁੱਢਲੀ ਪੜਤਾਲ ਉਪਰੰਤ ਜਾਲ ਵਿਛਾਇਆ ਅਤੇ ਮੁਲਜ਼ਮ ਪ੍ਰਾਈਵੇਟ ਵਿਅਕਤੀ ਵਿਜੇ ਕੁਮਾਰ ਉਰਫ ਡੀ.ਸੀ. ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਸ਼ਿਕਾਇਤਕਰਤਾ ਤੋਂ ਉਸਦੀ ਫੈਕਟਰੀ ਦੇ ਅੰਦਰ 70,000 ਰੁਪਏ ਰਿਸ਼ਵਤ ਲੈਂਦਿਆਂ ਮੌਕੇ ਤੇ ਹੀ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਉਕਤ ਦੋਵਾਂ ਮੁਲਜ਼ਮਾਂ ਖ਼ਿਲਾਫ਼ ਵਿਜੀਲੈਂਸ ਬਿਊਰੋ ਥਾਣਾ ਲੁਧਿਆਣਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਭਗੌੜੇ ਸਬ ਇੰਸਪੈਕਟਰ ਨੂੰ ਵੀ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
5