ਵਿਜੀਲੈਂਸ ਬਿਊਰੋ ਨੇ 5,000 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ-ਇੰਸਪੈਕਟਰ ਕੀਤਾ ਕਾਬੂ

0 minutes, 1 second Read

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਚਲਾਈ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਮੰਗਲਵਾਰ ਨੂੰ ਜ਼ਿਲ੍ਹਾ ਤਰਨਤਾਰਨ ਪੁਲੀਸ ਦੇ ਹੈਲਪਲਾਈਨ ਨੰਬਰ 112 ਵਿਖੇ ਤਾਇਨਾਤ ਸਹਾਇਕ ਸਬ-ਇੰਸਪੈਕਟਰ (ਏ.ਐਸ.ਆਈ.) ਰਾਜ ਕੁਮਾਰ ਨੂੰ 5,000 ਰੁਪਏ ਰਿਸ਼ਵਤ ਦੀ ਲੈੰਦਿਆਂ ਗ੍ਰਿਫ਼ਤਾਰ ਕੀਤਾ ਹੈ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਅਨੁਸਾਰ ਇਹ ਗ੍ਰਿਫ਼ਤਾਰੀ ਤਰਨਤਾਰਨ ਜ਼ਿਲ੍ਹੇ ਦੇ ਮੁਰਾਦਪੁਰ ਦੇ ਵਸਨੀਕ ਰਾਜ ਕਰਨ ਦੀ ਸ਼ਿਕਾਇਤ ਤੋਂ ਬਾਅਦ ਕੀਤੀ ਗਈ ਹੈ।
ਬੁਲਾਰੇ ਨੇ  ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਏਐਸਆਈ ਨੇ ਉਸਦਾ ਮੋਬਾਈਲ ਫੋਨ ਵਾਪਸ ਕਰਨ ਅਤੇ ਸ਼ਿਕਾਇਤਕਰਤਾ ਦੇ ਨਜ਼ਦੀਕੀ ਸਾਥੀ ਨੂੰ ਫਰਜ਼ੀ ਐਨਡੀਪੀਐਸ ਕੇਸ ਤੋਂ ਬਚਾਉਣ ਦੇ ਬਦਲੇ 30,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ।
ਉਨ੍ਹਾਂ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਪੜਤਾਲ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਉਕਤ ਮੁਲਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ।
ਬੁਲਾਰੇ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਪੁਲਿਸ ਮੁਲਾਜ਼ਮ ‘ਹਨੀ ਟਰੈਪ ਨੈਟਵਰਕ’ ਦਾ ਹਿੱਸਾ ਸੀ, ਜਿਸ ਵਿਚ ਔਰਤਾਂ ਸਮੇਤ ਹੋਰ ਪੁਲਿਸ ਅਧਿਕਾਰੀ ਅਤੇ ਨਿੱਜੀ ਵਿਅਕਤੀ ਸ਼ਾਮਲ ਸਨ। ਇਹ ਦੋਸ਼ੀ ਆਪਣੀਆਂ ਸਾਥੀ ਔਰਤਾਂ ਦੀ ਮਿਲੀਭੁਗਤ ਰਾਹੀਂ ਅਣਪਛਾਤੇ ਵਿਅਕਤੀਆਂ ਨੂੰ ਬਹਿਲਾ-ਫੁਸਲਾ ਕੇ ਹੋਟਲਾਂ ਵਿਚ ਲਿਜਾਣ ਲਈ ਮਜਬੂਰ ਕਰਦਾ ਸੀ ਅਤੇ ਬਾਅਦ ਵਿੱਚ ਖੁਦ ਹੀ  ਆਪਣੇ ਹੋਰ ਪੁਲੀਸ ਮੁਲਾਜ਼ਮਾਂ ਨਾਲ ਮੌਕੇ ’ਤੇ ਪਹੁੰਚਕੇ ਪੀੜਤਾਂ ਨੂੰ ਬਲੈਕਮੇਲ ਕਰਕੇ ਮੋਟੀਆਂ ਰਕਮਾਂ ਵਸੂਲਦਾ ਸੀ।
ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਥਾਣਾ ਰੇਂਜ ਅੰਮ੍ਰਿਤਸਰ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ।

Similar Posts

Leave a Reply

Your email address will not be published. Required fields are marked *