Blackout in Jalandhar: ਪੰਜਾਬ ਸਮੇਤ ਸਰਹੱਦੀ ਸੂਬਿਆਂ ‘ਚ ਭਲਕੇ ਮੌਕ ਡਰਿੱਲ ਕਰਵਾਈ ਜਾ ਰਹੀ ਹੈ | ਇਸੇ ਲੜੀ ਤਹਿਤ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ 31 ਮਈ ਨੂੰ ਜਲੰਧਰ ‘ਚ ਬਲੈਕਆਊਟ ਰਹੇਗਾ। ਇਹ ਬਲੈਕਆਊਟ (Blackout) ਰਾਤ 9:30 ਵਜੇ ਤੋਂ ਰਾਤ 10 ਵਜੇ ਤੱਕ ਚੱਲੇਗਾ। ਇਹ ਡ੍ਰਿਲ ਐਮਰਜੈਂਸੀ ਪ੍ਰਤੀਕਿਰਿਆ ਯੋਜਨਾਵਾਂ ਅਤੇ ਸੁਰੱਖਿਆ ਉਪਾਵਾਂ ਦੀ ਕੁਸ਼ਲਤਾ ਦੀ ਜਾਂਚ ਕਰਨ ਦੇ ਉਦੇਸ਼ ਨਾਲ ਕੀਤੀ ਜਾ ਰਹੀ ਹੈ ਅਤੇ ਨਾਗਰਿਕਾਂ ਤੋਂ ਪੂਰਾ ਸਹਿਯੋਗ ਦੀ ਉਮੀਦ ਹੈ।
ਇਸ ਸੰਬੰਧੀ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ 31 ਮਈ ਨੂੰ ਰਾਤ 9:30 ਵਜੇ ਤੋਂ ਰਾਤ 10 ਵਜੇ ਤੱਕ ਜ਼ਿਲ੍ਹੇ ‘ਚ ਬਲੈਕਆਊਟ (Blackout in Jalandhar) ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਲੈਕਆਊਟ ਤੋਂ ਪਹਿਲਾਂ ਸਾਇਰਨ ਦੀ ਆਵਾਜ਼ ਸੁਣਾਈ ਦੇਵੇਗੀ ਅਤੇ ਇਸ ਦੌਰਾਨ ਐਮਰਜੈਂਸੀ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਸੰਸਥਾਵਾਂ ਨੂੰ ਛੱਡ ਕੇ ਪੂਰੇ ਜ਼ਿਲ੍ਹੇ ‘ਚ ਲਾਈਟਾਂ ਬੰਦ ਕਰ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ, ਨਗਰ ਨਿਗਮ ਉਕਤ ਸਮੇਂ ਦੌਰਾਨ ਸਟਰੀਟ ਲਾਈਟਾਂ ਵੀ ਬੰਦ ਰੱਖੇਗਾ।
ਉਨ੍ਹਾਂ ਕਿਹਾ ਕਿ ਬਲੈਕਆਊਟ ਦੌਰਾਨ ਜ਼ਿਲ੍ਹੇ ਦੇ ਵਸਨੀਕਾਂ ਨੂੰ ਜਨਰੇਟਰਾਂ ਅਤੇ ਇਨਵਰਟਰਾਂ ਦੀਆਂ ਲਾਈਟਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸਦੇ ਨਾਲ ਹੀ ਬਲੈਕਆਊਟ ਡ੍ਰਿਲ ਦੌਰਾਨ ਘਰਾਂ ਦੇ ਬਾਹਰ ਲਾਈਟਾਂ ਬੰਦ ਰੱਖਣੀਆਂ ਚਾਹੀਦੀਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਹਿਰ ‘ਚ ਸਾਇਰਨਾਂ ਦੀ ਗਿਣਤੀ ਵਧਾ ਦਿੱਤੀ ਹੈ, ਪਰ ਫਿਰ ਵੀ ਜੇਕਰ ਇਸ ਸਬੰਧੀ ਕੋਈ ਸਮੱਸਿਆ ਆਉਂਦੀ ਹੈ, ਤਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਟਰੋਲ ਰੂਮ ਨੰਬਰ 0181-2224417 ‘ਤੇ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਇਹ ਬਲੈਕਆਊਟ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਇੱਕ ਅਭਿਆਸ ਵਜੋਂ ਕੀਤਾ ਜਾ ਰਿਹਾ ਹੈ, ਇਸ ਲਈ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਅਭਿਆਸ ਦੌਰਾਨ ਸੁਰੱਖਿਆ ਉਪਾਵਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ। ਡਾ. ਅਗਰਵਾਲ ਨੇ ਕਿਹਾ ਕਿ ਬਲੈਕਆਊਟ ਦੌਰਾਨ ਵਾਹਨਾਂ ਦੁਆਰਾ ਬੇਲੋੜੀ ਯਾਤਰਾ ਨਹੀਂ ਕੀਤੀ ਜਾਣੀ ਚਾਹੀਦੀ ਅਤੇ ਜੇਕਰ ਜ਼ਰੂਰੀ ਯਾਤਰਾ ਕਰਨੀ ਪਵੇ ਤਾਂ ਵਾਹਨਾਂ ਨੂੰ ਸੜਕ ਦੇ ਇੱਕ ਪਾਸੇ ਖੜ੍ਹਾ ਕਰਨਾ ਚਾਹੀਦਾ ਹੈ ਅਤੇ ਬਲੈਕਆਊਟ ਸਮੇਂ ਦੌਰਾਨ ਲਾਈਟਾਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਲੈਕਆਊਟ ਤੋਂ ਪਹਿਲਾਂ, 31 ਮਈ ਨੂੰ ਸ਼ਾਮ 6 ਵਜੇ ਜਲੰਧਰ ਛਾਉਣੀ ਦੇ ਜਵਾਹਰ ਪਾਰਕ ਨੇੜੇ ਛਾਉਣੀ ਬੋਰਡ ਦਫ਼ਤਰ ਵਿਖੇ ਇੱਕ ਮੌਕ ਡਰਿੱਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਸਾਵਧਾਨੀ ਵਜੋਂ ਮੌਕ ਡਰਿੱਲ ਕੀਤੀ ਜਾਂਦੀ ਹੈ।