ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਨੇ ਡਿਸਟ੍ਰੀਬਿਊਸ਼ਨ ਡਿਵੀਜ਼ਨ ਸ੍ਰੀ ਮੁਕਤਸਰ ਸਾਹਿਬ ਅਧੀਨ ਡਿਸਟ੍ਰੀਬਿਊਸ਼ਨ ਸਬ ਡਵੀਜ਼ਨ ਬਰੀਵਾਲਾ ਵਿਖੇ ਕੰਮ ਕਰਦੇ ਜੂਨੀਅਰ ਇੰਜਨੀਅਰ (ਜੇ.ਈ) ਗੁਰਮੀਤ ਸਿੰਘ ਨੂੰ ਉਸ ਵੱਲੋਂ ਆਪਣੇ ਫਰਜ਼ ਅਦਾ ਕਰਨ ਵਿੱਚ ਕੀਤੀਆਂ ਗਈਆਂ ਅਣਗਹਿਲੀਆਂ ਅਤੇ ਬੇਨਿਯਮੀਆਂ ਕਾਰਨ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਿਜਲੀ ਮੰਤਰੀ ਪੰਜਾਬ ਹਰਭਜਨ ਸਿੰਘ ਈ.ਟੀ.ਓ ਨੇ ਦੱਸਿਆ ਕਿ ਮੁਅੱਤਲ ਕੀਤੇ ਜੇ.ਈ ਨੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਬਰੀਵਾਲਾ ਸਬ-ਡਵੀਜ਼ਨ ਅਧੀਨ ਪੈਂਦੇ ਪਿੰਡ ਹਰੀਕੇ ਕਲਾਂ ਤੋਂ ਆਸਾ ਬੁੱਟਰ ਰੋਡ ‘ਤੇ ਖੇਤਾਂ ਵਿੱਚ ਖੁੱਲ੍ਹੇ ਸਥਾਨ ਵਿੱਚ ਨੂੰ ਘਰੇਲੂ ਕੁਨੈਕਸ਼ਨ ਅਤੇ ਪੀ.ਐਸ.ਪੀ.ਸੀ.ਐਲ ਦੇ ਨਿਯਮਾਂ ਦੇ ਉਲਟ 300 ਯੂਨਿਟਾਂ ਦੀ ਮੁਫਤ ਸਹੂਲਤ ਦੇਣ ਲਈ 24 ਘੰਟੇ ਸਪਲਾਈ ਲਾਈਨ ‘ਤੇ ਨਵਾਂ 11 ਕੇ.ਵੀ. ਟਰਾਂਸਫਾਰਮਰ ਲਗਾ ਦਿੱਤਾ। ਮੁਢਲੀ ਜਾਂਚ ਦੇ ਅਨੁਸਾਰ ਇਹ ਘਰੇਲੂ ਕੁਨੈਕਸ਼ਨ ਰਸੋਈ, ਗੁਸਲਖਾਨੇ ਜਾਂ ਚਾਰਦੀਵਾਰੀ ਤੋਂ ਬਿਨਾਂ ਇੱਕ ਕਮਰੇ ਵਾਲੀ ਖੁੱਲੀ ਜਗ੍ਹਾ ਵਿੱਚ ਜਾਰੀ ਕੀਤਾ ਜਾਣਾ ਸੀ।
ਇਸ ਗੈਰ-ਕਾਨੂੰਨੀ ਗਤੀਵਿਧੀ ਤਹਿਤ ਸਬੰਧਤ ਜੇ.ਈ ਨੇ ਨਾ ਸਿਰਫ ਪੀ.ਐਸ.ਪੀ.ਸੀ.ਐਲ. ਦੇ ਨਿਯਮਾਂ ਦੇ ਉਲਟ ਕੰਮ ਕੀਤਾ ਹੈ ਬਲਕਿ ਨਿਗਮ ਨੂੰ ਲਗਭਗ 1 ਲੱਖ ਦਾ ਵਿੱਤੀ ਨੁਕਸਾਨ ਵੀ ਕੀਤਾ ਹੈ। ਗੈਰ-ਕਾਨੂੰਨੀ ਤੌਰ ‘ਤੇ ਲਗਾਏ ਗਏ ਟਰਾਂਸਫਾਰਮਰ ਨੂੰ ਵੀ ਹਟਾਏ ਜਾਣ ਦੇ ਆਦੇਸ਼ ਦਿੱਤੇ ਗਏ ਹਨ ਅਤੇ ਮੁਅੱਤਲ ਕੀਤੇ ਗਏ ਕਰਮਚਾਰੀ ਖਿਲਾਫ ਬਣਦੀ ਅਨੁਸ਼ਾਸਨੀ ਕਾਰਵਾਈ ਵੀ ਕੀਤੀ ਜਾ ਰਹੀ ਹੈ।
ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ-ਟੌਲਰੈਂਸ ਨੀਤੀ ਤਹਿਤ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਦੀ ਵਚਨਬੱਧਤਾ ਦੁਹਰਾਉਂਦਿਆਂ ਸਪੱਸ਼ਟ ਤੌਰ ‘ਤੇ ਕਿਹਾ ਕਿ ਗੈਰ-ਕਾਨੂੰਨੀ ਅਤੇ ਭ੍ਰਿਸ਼ਟ ਕਾਰਵਾਈ ਵਿੱਚ ਸ਼ਾਮਲ ਕਿਸੇ ਵੀ ਰੈਂਕ ਜਾਂ ਅਹੁਦੇ ਦੇ ਕਰਮਚਾਰੀਆਂ ਲਈ ਵਿਭਾਗ ਵਿੱਚ ਕੋਈ ਥਾਂ ਨਹੀਂ ਹੈ। ਉਨ੍ਹਾਂ ਪੀ.ਐੱਸ.ਪੀ.ਸੀ.ਐੱਲ. ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਖ਼ਤ ਤਾੜਨਾ ਕੀਤੀ ਕਿ ਉਹ ਪੂਰੀ ਇਮਾਨਦਾਰੀ ਨਾਲ ਕੰਮ ਕਰਨ ਨਹੀਂ ਤਾਂ ਸਖ਼ਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।