ਵਿਧਾਨ ਸਭਾ ਹਲਕਾ ਲੁਧਿਆਣਾ (ਉੱਤਰੀ) ਨੂੰ ਸੂਬੇ ਦੇ ਵਿਕਸਿਤ ਹਲਕਿਆਂ ਦੀ ਸ਼੍ਰੇਣੀ ਵਿੱਚ ਲਿਆਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਜਿਸਦੇ ਤਹਿਤ ਜਲਦ ਹਲਕੇ ਵਿੱਚ ਨਵੀਂ ਸਬ-ਤਹਿਸੀਲ, 66 ਕੇ.ਵੀ. ਸਬ ਸਟੇਸ਼ਨ ਅਤੇ ਹੋਰ ਵਿਕਾਸ ਪ੍ਰੋਜੈਕਟਾਂ ਨੂੰ ਹਰੀ ਝੰਡੀ ਮਿਲੇਗੀ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਮਦਨ ਲਾਲ ਬੱਗਾ ਵੱਲੋਂ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਵਿਧਾਇਕ ਬੱਗਾ ਵੱਲੋਂ ਬੀਤੇ ਕੱਲ੍ਹ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ ਜਿੱਥੇ ਆਪਣੇ ਹਲਕੇ ਦੇ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ ਚਰਚਾ ਕੀਤੀ ਗਈ। ਮੁੱਖ ਮੰਤਰੀ ਪੰਜਾਬ ਵੱਲੋਂ ਵਿਧਾਇਕ ਬੱਗਾ ਨੂੰ ਹਰ ਸੰਭਵ ਸਹਿਯੋਗ ਦਾ ਭਰੋਸਾ ਵੀ ਦਿੱਤਾ ਗਿਆ।
ਵਿਧਾਇਕ ਬੱਗਾ ਵੱਲੋਂ ਮੀਟਿੰਗ ਦੌਰਾਨ ਹਲਕਾ ਉੱਤਰੀ ਵਿੱਚ 66 ਕੇ.ਵੀ. ਸਬ-ਸਟੇਸ਼ਨ ਅਤੇ ਸਬ ਤਹਿਸੀਲ ਸਥਾਪਿਤ ਕਰਨ ਦੀ ਅਪੀਲ ਕੀਤੀ ਗਈ। ਉਨ੍ਹਾਂ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਹਲਕਾ ਉੱਤਰੀ ਵਿੱਚ ਕਾਫੀ ਜ਼ਿਆਦਾ ਤੇ ਸੰਘਣੀ ਆਬਾਦੀ ਹੈ, ਪ੍ਰੰਤੂ ਨੇੜੇ ਕੋਈ ਵੀ ਤਹਿਸੀਲ ਨਾ ਹੋਣ ਕਰਕੇ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਦੂਰ-ਦੁਰਾਡੇ ਦੂਸਰੇ ਹਲਕਿਆਂ ਵਿੱਚ ਜਾ ਕੇ ਖੱਜਲ ਖੁਆਰ ਹੋਣਾ ਪੈਂਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਹਲਕਾ ਉੱਤਰੀ ਵਿੱਚ ਸਬ ਤਹਿਸੀਲ ਬਣਨ ਨਾਲ ਜਿੱਥੇ ਸਥਾਨਕ ਲੋਕਾਂ ਨੂੰ ਰਾਹਤ ਮਿਲੇਗੀ ਉੱਥੇ ਸਰਕਾਰ ਦੇ ਮਾਲੀਏ ਵਿੱਚ ਵੀ ਵਾਧਾ ਹੋਵੇਗਾ।
ਉਨ੍ਹਾਂ ਮੁੱਖ ਮੰਤਰੀ ਪੰਜਾਬ ਕੋਲ, ਹਲਕਾ ਉੱਤਰੀ ਵਿਖੇ ਕਮਿਊਨਿਟੀ ਸੈਂਟਰ ਜਾਂ ਸੀਨੀਅਰ ਸਿਟੀਜਨ ਹੋਮ ਬਣਾਉਣ ਦਾ ਵੀ ਮੁੱਦਾ ਚੁੱਕਿਆ। ਉਨ੍ਹਾਂ ਦੱਸਿਆ ਕਿ ਪੁਰਾਣੇ ਜੀ.ਟੀ. ਰੋਡ, ਛਾਉਣੀ ਮੁਹੱਲਾ, ਨੇੜੇ ਪੈਟਰੋਲ ਪੰਪ ਦੇ ਪਿੱਛੇ ਲੋਕ ਨਿਰਮਾਣ ਵਿਭਾਗ ਦੀ ਖਾਲੀ ਪਈ ਜਗ੍ਹਾ ਨੂੰ ਨਗਰ ਨਿਗਮ ਨੂੰ ਹੈਡਓਵਰ ਕਰਦਿਆਂ ਉੱਥੇ ਕਮਿਊਨਿਟੀ ਸੈਂਟਰ ਜਾਂ ਸੀਨੀਅਰ ਸਿਟੀਜਨ ਹੋਮ ਬਣਾਇਆ ਜਾ ਸਕਦਾ ਹੈ। ਵਿਧਾਇਕ ਬੱਗਾ ਨੇ ਦੱਸਿਆ ਕਿ ਇਸ ਜਗ੍ਹਾ ‘ਤੇ ਲੋਕਾਂ ਵੱਲੋਂ ਕੂੜਾ-ਕਰਕਟ ਸੁੱਟਿਆ ਜਾ ਰਿਹਾ ਹੈ ਅਤੇ ਮੱਖੀਆਂ, ਮੱਛਰਾਂ ਦੀ ਭਰਮਾਰ ਨਾਲ ਬਿਮਾਰੀਆਂ ਅਤੇ ਬਦਬੂ ਫੈਲ ਰਹੀ ਹੈ। ਇਸ ਤੋਂ ਇਲਾਵਾ ਇਹ ਜਗ੍ਹਾ ਸ਼ਰਾਰਤੀ ਅਨਸਰਾਂ ਅਤੇ ਨਸ਼ੇੜੀਆਂ ਦਾ ਵੀ ਅੱਡਾ ਬਣ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਇਲਾਕੇ ਦੇ ਨਿਵਾਸੀਆਂ ਨੂੰ ਆਪਣੇ ਨਜਦੀਕ ਕੋਈ ਵੀ ਕਮਿਊਨਿਟੀ ਸੈਂਟਰ ਜਾਂ ਸਿਨੀਅਰ ਸਿਟੀਜਨ ਹੋਮ ਨਾ ਹੋਣ ਕਰਕੇ ਕਾਫੀ ਦਿੱਕਤ ਦਾ ਸਾਹਮਣਾ ਰਕਨਾ ਪੈਂਦਾ ਹੈ। ਇੱਥੇ ਕਮਿਊਨਿਟੀ ਸੈਂਟਰ ਜਾਂ ਸਿਟੀਜਨ ਹੋਮ ਬਣਨ ਨਾਲ ਜਿੱਥੇ ਖਾਲੀ ਪਈ ਜਗ੍ਹਾ ਦੀ ਸੁਚੱਜੀ ਵਰਤੋਂ ਹੋਵੇਗੀ ਉੱਥੇ ਵਸਨੀਕਾਂ ਨੂੰ ਵੀ ਸਹੂਲਤ ਮਿਲੇਗੀ।
ਉਨ੍ਹਾਂ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ ਕਿ ਹਲਕਾ ਉੱਤਰੀ ਅਧੀਨ ਜਲੰਧਰ ਬਾਈਪਾਸ ਤੋਂ ਜੱਸੀਆਂ ਰੋਡ ਨੇੜੇ ਰੇਲਵੇ ਲਾਈਨ ਵਿਖੇ ਜੱਸੀਆਂ ਪੰਚਾਇਤ (ਜ਼ਿਲ੍ਹਾ ਲੁਧਿਆਣਾ) ਦੀ ਰਕਬਾ 48 ਕਨਾਲ, 5 ਮਰਲੇ ਗੈ:ਮੁੁ: ਛੱਪੜ ਦੀ ਜਗ੍ਹਾ ਖਾਲੀ ਪਈ ਹੈ ਜਿਸ ‘ਤੇ ਲੋਕਾਂ ਵੱਲੋਂ ਨਾਜਾਇਜ਼ ਕਬਜ਼ੇ ਕੀਤੇ ਜਾ ਰਹੇ ਹਨ। ਇਸ ਜਗ੍ਹਾ ਨੂੰ ਡਿਵੈਲਪ ਕਰਕੇ ਕਾਲਜ/ਹਸਪਤਾਲ/ਸਪੋਰਟਸ ਗਰਾੳਂੂਡ ਬਣਾਏ ਜਾਣ ਹਿੱਤ ਨਗਰ ਨਿਗਮ ਨੂੰ ਹੈਂਡਓਵਰ ਕਰਨ ਅਤੇ ਫੰਡ ਜਾਰੀ ਕਰਨ ਦੀ ਪੁਰਜ਼ੋਰ ਸਿਫਾਰਿਸ਼ ਕੀਤੀ ਜਿਸ ਨਾਲ ਇਲਾਕਾ ਨਿਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ।
ਵਿਧਾਇਕ ਬੱਗਾ ਵੱਲੋਂ ਮੀਟਿੰਗ ਦੌਰਾਨ ਸਲੇਮ ਟਾਬਰੀ ਵਿਖੇ ਬਣਾਏ ਗਏ ਮੁਹੱਲਾ ਕਲੀਨਿਕ ਨੂੰ ਅਸ਼ੋਕ ਨਗਰ ਵਾਰਡ ਨੰਬਰ 95 ਵਿੱਚ ਸ਼ਿਫਟ ਕਰਨ ਦੀ ਵੀ ਸਿਫਾਰਸ਼ ਕੀਤੀ ਗਈ ਹੈ।
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਵਿਧਾਇਕ ਬੱਗਾ ਨੂੰ ਵਿਸ਼ਵਾਸ਼ ਦਿਵਾਇਆ ਗਿਆ ਕਿ ਹਲਕਾ ਉੱਤਰੀ ਦੇ ਵਸਨੀਕਾਂ ਨੂੰ ਸੌਗਾਤ ਵਜੋਂ ਜਲਦ ਸਬ-ਤਹਿਸੀਲ ਅਤੇ 66 ਕੇ.ਵੀ. ਸਟੇਸ਼ਨ ਸਮਰਪਿਤ ਕੀਤੇ ਜਾਣਗੇ ਅਤੇ ਨਾਲ ਹੀ ਅਸ਼ੋਕ ਨਗਰ ਵਿੱਚ ਮੁੱਹਲਾ ਕਲੀਨਿਕ ਸਿਫ਼ਟ ਕਰਨ ਅਤੇ ਜੱਸੀਆਂ ਰੋਡ ‘ਤੇ ਪਈ ਕਰੀਬ 48 ਕਨਾਲ ਜਮੀਨ ‘ਤੇ ਕਾਲਜ਼/ਹਸਪਤਾਲ/ਸਪੋਰਟਸ ਗਰਾਊਂਡ ਸਥਾਪਤ ਕਰਨ ‘ਤੇ ਕੀਤੀਆਂ ਵਿਚਾਰਾਂ ਨੂੰ ਵੀ ਅਮਲੀ ਜਾਮਾ ਪਹਿਨਾਇਆ ਜਾਵੇਗਾ।