ਆਮ ਆਦਮੀ ਪਾਰਟੀ ਨੇ ਜਲੰਧਰ ਪੱਛਮੀ ਵਿਧਾਨ ਸਭਾ ਜ਼ਿਮਨੀ ਚੋਣ ਲਈ ਆਪਣੀ ਚੋਣ ਮੁਹਿੰਮ ਕੀਤੀ ਸ਼ੁਰੂ

0 minutes, 10 seconds Read

ਜਲੰਧਰ ਪੱਛਮੀ ਵਿਧਾਨ ਸਭਾ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ (ਆਪ) ਨੇ ਸ਼ਨੀਵਾਰ ਨੂੰ ਆਪਣੀ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਪਾਰਟੀ ਨੇ ਜ਼ਿਮਨੀ ਚੋਣ ਲਈ ਆਪਣੇ 10 ਵਾਅਦਿਆਂ ਨੂੰ ਜਾਰੀ ਕੀਤਾ ਅਤੇ ਜਿੱਤ ਦਾ ਦਾਅਵਾ ਕਰਦਿਆਂ ਕਿਹਾ ਕਿ ਜਨਤਾ ਉਸ ਪਾਰਟੀ ਨੂੰ ਹੀ ਵੋਟ ਦੇਵੇਗੀ ਜੋ ਕੰਮ ਕਰੇਗੀ।

ਜਲੰਧਰ ‘ਚ ‘ਆਪ’ ਉਮੀਦਵਾਰ ਮੋਹਿੰਦਰ ਭਗਤ ਨਾਲ ਪ੍ਰੈੱਸ ਕਾਨਫ਼ਰੰਸ ਕਰਦੇ ਹੋਏ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ‘ਆਪ’ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਪਾਰਟੀ ਵੱਲੋਂ 10 ਵਾਅਦਿਆਂ ਵਾਲਾ ਮੈਨੀਫੈਸਟੋ ਜਾਰੀ ਕੀਤਾ। ਪ੍ਰੈੱਸ ਕਾਨਫ਼ਰੰਸ ਦੌਰਾਨ ‘ਆਪ’ ਵਿਧਾਇਕ ਰਮਨ ਅਰੋੜਾ ਅਤੇ ਲੋਕ ਸਭਾ ਚੋਣਾਂ ਲਈ ਜਲੰਧਰ ਤੋਂ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਵੀ ਮੌਜੂਦ ਸਨ।

ਇਸ ਮੌਕੇ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਅਤੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਆਪਣੇ ਕੰਮ ਦੇ ਆਧਾਰ ‘ਤੇ ਹੀ ਚੋਣਾਂ ਲੜਦੀ ਹੈ। ਅਸੀਂ ਇਹ ਚੋਣ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਲੋਕ ਭਲਾਈ ਕੰਮਾਂ ਦੇ ਆਧਾਰ ‘ਤੇ ਲੜਾਂਗੇ। 

ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਪਿਛਲੇ ਦੋ ਸਾਲਾਂ ਦੌਰਾਨ ਹਰ ਖੇਤਰ ਵਿੱਚ ਬਹੁਤ ਸੁਧਾਰ ਕੀਤਾ ਹੈ। ਅੱਜ ਪੰਜਾਬ ਦੇ 90 ਫੀਸਦੀ ਪਰਿਵਾਰਾਂ ਦੇ ਬਿਜਲੀ ਬਿੱਲ ਜ਼ੀਰੋ ਆ ਰਹੇ ਹਨ। ਖੇਤਾਂ ਨੂੰ ਨਹਿਰੀ ਪਾਣੀ ਮਿਲ ਰਿਹਾ ਹੈ ਅਤੇ ਕਿਸਾਨਾਂ ਨੂੰ ਦਿਨ ਦੇ ਸਮੇਂ ਖੇਤੀ ਲਈ ਲੋੜੀਂਦੀ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ। ਸਰਕਾਰ ਨੇ ਦੋ ਸਾਲਾਂ ਵਿੱਚ 43 ਹਜ਼ਾਰ ਦੇ ਕਰੀਬ ਨੌਜਵਾਨਾਂ ਨੂੰ ਬਿਨਾਂ ਕਿਸੇ ਰਿਸ਼ਵਤ ਜਾਂ ਸਿਫ਼ਾਰਸ਼ ਦੇ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਹਰ ਤਰ੍ਹਾਂ ਦੇ ਮਾਫ਼ੀਆ ਨੂੰ ਨੱਥ ਪਾਉਣ ਲਈ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ‘ਆਪ’ ਸਰਕਾਰ ਸ਼ਹੀਦਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਦੇ ਰਹੀ ਹੈ। 

ਕੰਗ ਨੇ ਕਿਹਾ ਕਿ ਚੋਣ ਭ੍ਰਿਸ਼ਟ ਅਤੇ ਧੋਖੇਬਾਜ਼ ਵਿਅਕਤੀ ਬਨਾਮ ਇਮਾਨਦਾਰ ਅਤੇ ਕਾਬਲ ਵਿਅਕਤੀ ਵਿਚਕਾਰ ਹੈ। ਸਾਨੂੰ ਭਰੋਸਾ ਹੈ ਕਿ ਜਨਤਾ ਇਸ ਚੋਣ ਵਿੱਚ ਧੋਖੇਬਾਜ਼ਾਂ ਨੂੰ ਸਬਕ ਸਿਖਾਏਗੀ। ਉਨ੍ਹਾਂ ਕਿਹਾ ਕਿ ਪਾਰਟੀ ਨਾਲ ਵਿਸ਼ਵਾਸਘਾਤ ਕਰਕੇ ਹੀ ਇਹ ਚੋਣ ਹੋ ਰਹੀ ਹੈ। 

ਉਨ੍ਹਾਂ ਕਿਹਾ ਕਿ ‘ਆਪ’ ਉਮੀਦਵਾਰ ਮੋਹਿੰਦਰ ਭਗਤ ਬਹੁਤ ਪੜ੍ਹੇ ਲਿਖੇ ਅਤੇ ਸੂਝਵਾਨ ਵਿਅਕਤੀ ਹਨ। ਉਨ੍ਹਾਂ ਦਾ ਪਰਿਵਾਰ ਦੋ ਪੀੜ੍ਹੀਆਂ ਤੋਂ ਜਲੰਧਰ ਦੇ ਲੋਕਾਂ ਦੀ ਸੇਵਾ ਕਰਦਾ ਆ ਰਿਹਾ ਹੈ। ਉਨ੍ਹਾਂ ਦੇ ਪਿਤਾ ਚੁੰਨੀ ਲਾਲ ਭਗਤ ਨੇ ਨਗਰ ਨਿਗਮ ਮੰਤਰੀ ਰਹਿੰਦਿਆਂ ਜਲੰਧਰ ਅਤੇ ਪੰਜਾਬ ਦੇ ਵਿਕਾਸ ਲਈ ਬਹੁਤ ਵਧੀਆ ਕੰਮ ਕੀਤੇ। 

ਇਸ ਦੌਰਾਨ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਖ਼ੁਦ ਹੁਣ ਜਲੰਧਰ ‘ਚ ਹੀ ਰਹਿਣਗੇ। ਇਸ ਨਾਲ ਪੂਰੇ ਦੁਆਬੇ ਦੇ ਲੋਕਾਂ ਨੂੰ ਮੁੱਖ ਮੰਤਰੀ ਨੂੰ ਮਿਲਣ ਅਤੇ ਆਪਣੀਆਂ ਸਮੱਸਿਆਵਾਂ ਦੱਸਣ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਚੋਣ ਮੁੱਖ ਮੰਤਰੀ ਮਾਨ ਦੀ ਅਗਵਾਈ ਵਿੱਚ ਲੜੀ ਜਾਵੇਗੀ ਅਤੇ ਸਾਨੂੰ ਵਿਸ਼ਵਾਸ ਹੈ ਕਿ ਮਾਨ ਸਰਕਾਰ ਵੱਲੋਂ ਪਿਛਲੇ ਦੋ ਸਾਲਾਂ ਵਿੱਚ ਪੰਜਾਬ ਦੇ ਵਿਕਾਸ ਲਈ ਜੋ ਇਤਿਹਾਸਕ ਕਾਰਜ ਕੀਤੇ ਗਏ ਹਨ, ਉਸ ਕਾਰਨ ਅਸੀਂ ਇਹ ਚੋਣ ਵੱਡੇ ਫ਼ਰਕ ਨਾਲ ਜਿੱਤਾਂਗੇ।
ਪਾਰਟੀ ਨੇ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੇ ਲੋਕਾਂ ਨਾਲ ਹੇਠ ਲਿਖੇ 10 ਵਾਅਦੇ ਕੀਤੇ..

1-ਪੀਣ ਵਾਲੇ ਸਾਫ਼ ਪਾਣੀ ਦੀ ਕਿੱਲਤ ਦੇ ਹੱਲ ਵਾਸਤੇ ਨਵੇਂ ਵਾਟਰ ਵਰਕਸ ਦੀ ਸਥਾਪਨਾ ਕੀਤੀ ਜਾਵੇਗੀ।

2- ਪੂਰੇ ਹਲਕੇ ਲਈ ਨਵਾਂ ਅਤੇ ਵੱਡਾ ਸੀਵਰੇਜ ਪ੍ਰੋਜੈਕਟ ਸਥਾਪਿਤ ਕੀਤਾ ਜਾਵੇਗਾ।

3- ਬਸਤੀ ਸ਼ੇਖ਼, ਬਸਤੀ ਦਾਨਿਸ਼ਮੰਦਾਂ, ਬਸਤੀ ਗੁੱਜਾ, ਬਸਤੀ ਪੀਰ ਦਾਦ ਅਤੇ ਮਿੱਠੂ ਬਸਤੀ ਸਮੇਤ ਹਲਕੇ ਵਿੱਚੋਂਂ ਬਿਜਲੀ ਦੀਆਂ ਤਾਰਾਂ ਦੇ ਜਾਲ਼ ਹਟਾਉਣ ਲਈ ਬਿਜਲੀ ਬੋਰਡ ਨੂੰ ਲਿਖਤੀ ਨਿਰਦੇਸ਼ ਦਿੱਤੇ ਜਾਣਗੇ।

4-  ਹਲਕੇ ‘ਚ ਨਵੀਆਂ ਸਟਰੀਟ ਲਾਈਟਾਂ ਲਗਾਈਆਂ ਜਾਣਗੀਆਂ, ਤੇ ਉਹਨਾਂ ਦੀ ਦੇਖ-ਰੇਖ ਦਾ ਪ੍ਰਬੰਧ ਕੀਤਾ ਜਾਵੇਗਾ।

5- ਨਸ਼ਾ ਤਸਕਰਾਂ ਦੇ ਨਾਲ-ਨਾਲ, ਬਸਤੀ ਦਾਨਿਸ਼ਮੰਦਾਂ, ਭਾਰਗਵ ਕੈਂਪ ਅਤੇ ਬਸਤੀ ਬਾਵਾ ਖੇਲ ਵਿੱਚੋਂ ਲਾਟਰੀ ਮਾਫ਼ੀਆ ਦਾ ਕਨੂੰਨੀ ਤੌਰ ‘ਤੇ ਸਫ਼ਾਇਆ ਕੀਤਾ ਜਾਵੇਗਾ।

6- ਵਰਿਆਣਾ ਵਿੱਚੋ ਕੂੜੇ ਦਾ ਡੰਪ ਪੱਕੇ ਤੌਰ ‘ਤੇ ਹਟਾਇਆ ਜਾਵੇਗਾ।

7- ਹਰ ਮੁਹੱਲਾ ਕਲੀਨਿਕ ਵਿੱਚ ਮਾਹਿਰ ਡਾਕਟਰ, ਸਾਰੇ ਟੈਸਟ, ਅਤੇ ਮੁਫ਼ਤ ਦਵਾਈਆਂ ਦਾ ਮਿਲਣਾ ਯਕੀਨੀ ਬਣਾਇਆ ਜਾਵੇਗਾ।

8- ਹਲਕਾ ਵਾਸੀਆਂ ਦੀ ਸੁਰੱਖਿਆ ਵਾਸਤੇ ਜੇ.ਪੀ. ਨਗਰ, ਮਾਡਲ ਹਾਊਸ ਅਤੇ ਹਰਬੰਸ ਨਗਰ ਇਲਾਕਿਆਂ ਵਿੱਚ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾਣਗੇ।

9- ਸਾਰੀਆਂ ਸੜਕਾਂ ਨਵੀਆਂ ਬਣਾਈਆਂ ਜਾਣਗੀਆਂ ਅਤੇ ਨਾਲ਼ ਹੀ ਹਲਕੇ ਦੀਆਂ ਮੁੱਖ ਸੜਕਾਂ, ਬਸਤੀ ਦਾਨਿਸ਼ਮੰਦਾਂ ਰੋਡ ਤੇ ਬਸਤੀ ਬਾਵਾ ਖੇਲ ਰੋਡ ਨੂੰ 120 ਫੁੱਟੀ ਬਣਾਇਆ ਜਾਵੇਗਾ।

10- ਗੌਤਮ ਨਗਰ ‘ਚ ਨਵਾਂ ਸੀਵਰੇਜ ਟ੍ਰੀਟਮੈਂਟ ਪਲਾਂਟ ਸਥਾਪਿਤ ਕੀਤਾ ਜਾਵੇਗਾ।

Similar Posts

Leave a Reply

Your email address will not be published. Required fields are marked *