ਤੀਰਅੰਦਾਜ਼ੀ ਦੇ ਏਸ਼ੀਆ ਕੱਪ ਵਿੱਚ ਪ੍ਰਨੀਤ ਕੌਰ ਤੇ ਸਿਮਰਨਜੀਤ ਕੌਰ ਨੇ ਜਿੱਤੇ ਪੰਜ ਤਮਗ਼ੇ

0 minutes, 0 seconds Read

ਕੌਮਾਂਤਰੀ ਪੱਧਰ ਉਤੇ ਪੰਜਾਬ ਦੇ ਖਿਡਾਰੀਆਂ ਵੱਲੋਂ ਨਿੱਤ ਦਿਨ ਦਿਖਾਏ ਜਾ ਰਹੇ ਬਿਹਤਰ ਪ੍ਰਦਰਸ਼ਨ ਦੇ ਚੱਲਦਿਆਂ ਤੀਰਅੰਦਾਜ਼ੀ, ਹਾਕੀ ਤੇ ਬੈਡਮਿੰਟਨ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਵੱਡੀਆਂ ਮੱਲਾਂ ਮਾਰੀਆਂ ਹਨ।

ਬਗਦਾਦ (ਇਰਾਕ) ਵਿਖੇ ਚੱਲ ਰਹੇ ਤੀਰਅੰਦਾਜ਼ੀ ਦੇ ਏਸ਼ੀਆ ਕੱਪ ਵਿੱਚ ਪੰਜਾਬ ਦੀਆਂ ਦੋ ਤੀਰਅੰਦਾਜ਼ ਖਿਡਾਰਨਾਂ ਸਿਮਰਨਜੀਤ ਕੌਰ ਤੇ ਪ੍ਰਨੀਤ ਕੌਰ ਨੇ ਤਿੰਨ ਸੋਨੇ ਤੇ ਦੋ ਚਾਂਦੀ ਦੇ ਤਮਗ਼ੇ ਜਿੱਤੇ। ਅਬੋਹਰ ਦੀ ਸਿਮਰਨਜੀਤ ਕੌਰ ਨੇ ਰਿਕਰਵ ਦੇ ਮਿਕਸ ਟੀਮ ਅਤੇ ਮਹਿਲਾ ਟੀਮ ਵਿੱਚ ਦੋ ਸੋਨ ਤਮਗ਼ੇ ਅਤੇ ਵਿਅਕਤੀਗਤ ਵਰਗ ਵਿੱਚ ਇਕ ਚਾਂਦੀ ਦਾ ਤਮਗ਼ਾ ਜਿੱਤਿਆ। ਇਸੇ ਤਰ੍ਹਾਂ ਮਾਨਸਾ ਦੀ ਪ੍ਰਨੀਤ ਕੌਰ ਨੇ ਕੰਪਾਊਂਡ ਦੇ ਵਿਅਕਤੀਗਤ ਵਰਗ ਵਿੱਚ ਸੋਨੇ ਅਤੇ ਟੀਮ ਵਰਗ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ।

ਹਾਕੀ ਖੇਡ ਵਿੱਚ ਚੱਲ ਰਹੀ ਐਫ.ਆਈ.ਐਚ. ਪ੍ਰੋ. ਹਾਕੀ ਲੀਗ ਵਿੱਚ ਭਾਰਤੀ ਲੈਗ ਦੇ ਆਖਰੀ ਮੈਚ ਵਿੱਚ ਭਾਰਤ ਨੇ ਆਇਰਲੈਂਡ ਨੂੰ 4-0 ਨਾਲ ਹਰਾਇਆ। ਇਸ ਲੀਗ ਵਿੱਚ ਭਾਰਤੀ ਟੀਮ ਨੇ ਹੁਣ ਤੱਕ 8 ਮੈਚ ਖੇਡ ਕੇ 15 ਅੰਕਾਂ ਨਾਲ ਤੀਜਾ ਸਥਾਨ ਮੱਲ ਲਿਆ ਹੈ। ਹੁਣ ਭਾਰਤੀ ਟੀਮ ਮਈ-ਜੂਨ ਵਿੱਚ ਯੂਰੋਪੀਅਨ ਲੈਗ ਦੇ ਬਾਕੀ ਅੱਠ ਮੈਚ ਖੇਡੇਗੀ। ਟੀਮ ਵਿੱਚ ਕਪਤਾਨ ਹਰਮਨਪ੍ਰੀਤ ਸਿੰਘ ਸਮੇਤ 10 ਖਿਡਾਰੀ ਪੰਜਾਬ ਦੇ ਹਨ।

ਬੈਡਮਿੰਟਨ ਖੇਡ ਵਿੱਚ ਲੁਧਿਆਣਾ ਦੇ ਧਰੁਵ ਕਪਿਲਾ ਨੇ ਆਪਣੀ ਜੋੜੀਦਾਰ ਅਰਜੁਨ ਨਾਲ ਮਿਲ ਕੇ ਯੁਗਾਂਡਾ ਇੰਟਰਨੈਸ਼ਨਲ  ਚੈਂਲੇਜ ਦਾ ਪੁਰਸ਼ ਡਬਲਜ਼ ਖਿਤਾਬ ਜਿੱਤਿਆ।

ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਉਕਤ ਪੰਜਾਬੀ ਖਿਡਾਰੀਆਂ ਦੀਆਂ ਜਿੱਤਾਂ ਉਤੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਉਨ੍ਹਾਂ ਦੀ ਸਖਤ ਮਿਹਨਤ ਅਤੇ ਕੋਚਾਂ ਦੇ ਮਾਰਗ ਦਰਸ਼ਨ ਦਾ ਸਿੱਟਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਉਤੇ ਬਣਾਈ ਨਵੀਂ ਖੇਡ ਨੀਤੀ ਦੇ ਸਾਰਥਿਕ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਖਿਡਾਰੀਆਂ ਵੱਲੋਂ ਇਸ ਸਾਲ ਜ਼ੋਰਾਂ ਸ਼ੋਰਾਂ ਨਾਲ ਪੈਰਿਸ ਓਲੰਪਿਕ ਖੇਡਾਂ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਇਸ ਵਾਰ ਓਲੰਪਿਕਸ ਵਿੱਚ ਵੀ ਪੰਜਾਬੀ ਖਿਡਾਰੀ ਵੱਡੀ ਗਿਣਤੀ ਵਿੱਚ ਹਿੱਸਾ ਲੈਣਗੇ।

Similar Posts

Leave a Reply

Your email address will not be published. Required fields are marked *