ਹਨੋਈ, 12 ਜੁਲਾਈ : ਹਨੋਈ ਵਿੱਚ ਭਾਰਤੀ ਦੂਤਾਵਾਸ ਨੇ ਦੱਸਿਆ ਕਿ ਵੀਅਤਨਾਮ ਦੇ ਫੂ ਕੁਓਕ ਟਾਪੂ (Phu Quoc Island) ਦੇ ਨੇੜੇ ਇੱਕ ਸਪੀਡਬੋਟ ਹਾਦਸੇ ਵਿੱਚ ਮਾਰੇ ਗਏ 15 ਭਾਰਤੀ ਸੈਲਾਨੀਆਂ ਦੀਆਂ ਮ੍ਰਿਤਕ ਦੇਹਾਂ ਨੂੰ ਐਤਵਾਰ ਨੂੰ ਹੋ ਚੀ ਮਿਨ੍ਹ ਸਿਟੀ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਜਲਦੀ ਹੀ ਹਵਾਈ ਜਹਾਜ਼ ਰਾਹੀਂ ਭਾਰਤ ਭੇਜਿਆ ਜਾਵੇਗਾ।
ਭਾਰਤੀ ਮਿਸ਼ਨ ਨੇ ਕਿਹਾ ਕਿ ਬਚਾਏ ਗਏ 17 ਭਾਰਤੀ ਸੈਲਾਨੀਆਂ ਵਿੱਚੋਂ 16 ਆਪਣੇ ਘਰ ਵਾਪਸ ਜਾ ਰਹੇ ਹਨ। ਇੱਕ ਸੈਲਾਨੀ, ਜਿਸ ਦੀ ਹਾਲਤ ਨਾਜ਼ੁਕ ਹੈ, ਫੂ ਕੁਓਕ ਦੇ ਹਸਪਤਾਲ ਵਿੱਚ ਦਾਖਲ ਹੈ।
ਸ਼ਨਿੱਚਰਵਾਰ ਨੂੰ ਫੂ ਕੁਓਕ ਟਾਪੂ ਦੇ ਨੇੜੇ ਹੋਨ ਮੇ ਰੂਟ ਨਗੋਆਈ ਕੋਲ 32 ਭਾਰਤੀ ਸੈਲਾਨੀਆਂ ਅਤੇ ਚਾਰ ਸਥਾਨਕ ਕਰੂ ਮੈਂਬਰਾਂ ਨੂੰ ਲੈ ਕੇ ਜਾ ਰਹੀ ਇੱਕ ਸਪੀਡਬੋਟ ਪਲਟ ਗਈ ਸੀ। ਇਸ ਘਟਨਾ ਵਿੱਚ 15 ਭਾਰਤੀ ਸੈਲਾਨੀਆਂ ਦੀ ਮੌਤ ਹੋ ਗਈ, ਜਦੋਂ ਕਿ ਬਾਕੀਆਂ ਨੂੰ ਬਚਾ ਲਿਆ ਗਿਆ।
ਦੂਤਾਵਾਸ ਨੇ ਐਤਵਾਰ ਨੂੰ ‘ਐਕਸ’ (X) ‘ਤੇ ਇੱਕ ਪੋਸਟ ਵਿੱਚ ਕਿਹਾ, “ਕੱਲ੍ਹ ਦੇ ਦੁਖਦਾਈ ਕਿਸ਼ਤੀ ਹਾਦਸੇ ਵਿੱਚ ਜਾਨ ਗਵਾਉਣ ਵਾਲੇ 15 ਭਾਰਤੀ ਨਾਗਰਿਕਾਂ ਦੀਆਂ ਮ੍ਰਿਤਕ ਦੇਹਾਂ ਹੋ ਚੀ ਮਿਨ੍ਹ ਸਿਟੀ ਪਹੁੰਚ ਗਈਆਂ ਹਨ। ਹੋ ਚੀ ਮਿਨ੍ਹ ਵਿੱਚ ਰਸਮੀ ਕਾਰਵਾਈਆਂ ਪੂਰੀਆਂ ਹੋਣ ਤੋਂ ਬਾਅਦ, ਮ੍ਰਿਤਕ ਦੇਹਾਂ ਨੂੰ ਜਲਦੀ ਤੋਂ ਜਲਦੀ ਭਾਰਤ ਭੇਜਿਆ ਜਾਵੇਗਾ।”
ਪੋਸਟ ਵਿੱਚ ਕਿਹਾ ਗਿਆ ਕਿ ਦੂਤਾਵਾਸ ਅਤੇ ਕੌਂਸਲੇਟ ਦੀਆਂ ਟੀਮਾਂ ਵੀਅਤਨਾਮੀ ਅਧਿਕਾਰੀਆਂ ਨਾਲ ਨੇੜਿਓਂ ਤਾਲਮੇਲ ਕਰ ਰਹੀਆਂ ਹਨ “ਜੋ ਮ੍ਰਿਤਕ ਦੇਹਾਂ ਨੂੰ ਜਲਦੀ ਤੋਂ ਜਲਦੀ ਭਾਰਤ ਭੇਜਣ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹਨ”।
ਦੂਤਾਵਾਸ ਦੁਆਰਾ ਸਾਂਝੀ ਕੀਤੀ ਗਈ ਸੂਚੀ ਦੇ ਅਨੁਸਾਰ, 15 ਮ੍ਰਿਤਕਾਂ ਵਿੱਚੋਂ 10 ਤਾਮਿਲਨਾਡੂ ਦੇ, ਤਿੰਨ ਆਂਧਰਾ ਪ੍ਰਦੇਸ਼ ਦੇ ਅਤੇ ਦੋ ਕੇਰਲ ਦੇ ਸਨ। ਮ੍ਰਿਤਕਾਂ ਵਿੱਚ ਦੋ ਔਰਤਾਂ ਵੀ ਸ਼ਾਮਲ ਸਨ।
ਸੂਚੀ ਅਨੁਸਾਰ, ਤਾਮਿਲਨਾਡੂ ਦੇ ਮ੍ਰਿਤਕਾਂ ਦੀ ਪਛਾਣ ਸੇਂਥਿਲ ਕੁਮਾਰ ਜੈਵੇਲ, ਮੁਰੂਗਾ ਪ੍ਰਭੂ ਅਰੂਮੁਗਮ, ਸ਼੍ਰੀਧਰ ਸੁੰਦਰਰਾਜਨ, ਸ਼ੇਖ ਅਬਦੁੱਲਾ ਅਬਦੁਲ ਮਜੀਦ, ਬਾਲਾਜੀ ਨਟੇਸਨ, ਵਿਨੈ ਕੁਮਾਰ ਚਿਥੀਰਾਪੁਰਮ ਭਾਸਕਰਾ, ਰਵੀਸ਼ੰਕਰ ਸੁਗੁਮਾਰਨ, ਸੰਤੋਸ਼ ਕੁਮਾਰ ਸ਼ਾਂਤੀਲਾਲਜੈਨ, ਬਾਬੂ ਕੁਪੂਸਵਾਮੀ ਅਤੇ ਅਲਾਗੁਰਾਜਨ ਸਿਵਾਸਾਮੀ ਵਜੋਂ ਹੋਈ ਹੈ।
ਉੱਥੇ ਹੀ ਆਂਧਰਾ ਪ੍ਰਦੇਸ਼ ਦੇ ਮ੍ਰਿਤਕਾਂ ਦੀ ਪਛਾਣ ਨੱਲਾਪੇਟਾ ਆਦਿਸ਼ੇਸ਼ਈਆ ਰਵੀਤੇਜਾ, ਸ਼੍ਰੀਧਰ ਮੁਦੀਅਮ ਅਤੇ ਜਯਾ ਲਕਸ਼ਮੀ ਗੇਲੀ ਵਜੋਂ ਹੋਈ ਹੈ, ਜਦੋਂ ਕਿ ਕੇਰਲ ਦੇ ਮ੍ਰਿਤਕਾਂ ਦੀ ਪਛਾਣ ਅਵੀਕੋਟ ਚੇਰੀਅਨ ਥਾਮਸ ਅਤੇ ਲੋਵੇਨੀ ਥਾਮਸ ਵਜੋਂ ਹੋਈ ਹੈ।
ਤਿੰਨੋਂ ਦੱਖਣੀ ਸੂਬਿਆਂ ਦੀਆਂ ਸਰਕਾਰਾਂ ਨੇ ਪ੍ਰਭਾਵਿਤ ਵਿਅਕਤੀਆਂ ਦੇ ਰਿਸ਼ਤੇਦਾਰਾਂ ਦੀ ਮਦਦ ਲਈ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ।
