ਸੁਣਨ ਦੀ ਸਮਰੱਥਾ ਮੁੜ ਬਹਾਲ ਕਰਨ ਤੋਂ ਲੈ ਕੇ ਜ਼ਿੰਦਗੀਆਂ ਬਚਾਉਣ ਤੱਕ: ਸਮੇਂ ਸਿਰ ਈਐਨਟੀ ਇਲਾਜ ਪਹਿਲਾਂ ਨਾਲੋਂ ਵੀ ਵੱਧ ਮਹੱਤਵਪੂਰਨ

author
0 minutes, 1 second Read

ਚੰਡੀਗੜ੍ਹ, 06 ਜੁਲਾਈ 2026:

ਈਐਨਟੀ (ਕੰਨ, ਨੱਕ ਅਤੇ ਗਲਾ) ਦੇ ਮਾਹਿਰਾਂ ਦਾ ਕਹਿਣਾ ਹੈ ਕਿ ਵਾਰ-ਵਾਰ ਕੰਨ ਦੇ ਇਨਫੈਕਸ਼ਨ ਕਾਰਨ ਠੀਕ ਤਰ੍ਹਾਂ ਨਾ ਸੁਣ ਸਕਣ ਵਾਲਾ ਬੱਚਾ, ਸਾਲਾਂ ਤੋਂ ਨੱਕ ਰਾਹੀਂ ਸਾਹ ਲੈਣ ਵਿੱਚ ਮੁਸ਼ਕਲ ਝੱਲ ਰਿਹਾ ਵਿਅਕਤੀ ਜਾਂ ਤੰਬਾਕੂ ਦੀ ਵਰਤੋਂ ਕਰਨ ਵਾਲਾ ਉਹ ਵਿਅਕਤੀ ਜੋ ਮੂੰਹ ਦੇ ਲੰਬੇ ਸਮੇਂ ਤੱਕ ਨਾ ਭਰਨ ਵਾਲੇ ਛਾਲੇ ਨੂੰ ਨਜ਼ਰਅੰਦਾਜ਼ ਕਰ ਦਿੰਦਾ ਹੈ—ਇਹ ਅਜਿਹੀਆਂ ਆਮ ਸਮੱਸਿਆਵਾਂ ਹਨ ਜਿਨ੍ਹਾਂ ਵਿੱਚ ਮਰੀਜ਼ ਅਕਸਰ ਇਲਾਜ ਕਰਵਾਉਣ ਵਿੱਚ ਦੇਰੀ ਕਰ ਦਿੰਦੇ ਹਨ। ਇਸ ਕਾਰਨ ਆਮ ਬੀਮਾਰੀ ਗੰਭੀਰ ਰੂਪ ਧਾਰ ਸਕਦੀ ਹੈ ਅਤੇ ਵੱਡੇ ਆਪਰੇਸ਼ਨ ਦੀ ਲੋੜ ਪੈ ਸਕਦੀ ਹੈ।

ਈਐਨਟੀ ਨਾਲ ਸੰਬੰਧਿਤ ਬੀਮਾਰੀਆਂ ਹਰ ਉਮਰ ਦੇ ਲੋਕਾਂ ਨੂੰ ਪ੍ਰਭਾਵਿਤ ਕਰਦੀਆਂ ਹਨ। ਇਨ੍ਹਾਂ ਵਿੱਚ ਲੰਬੇ ਸਮੇਂ ਤੱਕ ਰਹਿਣ ਵਾਲੇ ਇਨਫੈਕਸ਼ਨ, ਸੁਣਨ ਦੀ ਸਮਰੱਥਾ ਵਿੱਚ ਕਮੀ, ਸਾਇਨਸ ਦੀ ਬੀਮਾਰੀ ਤੋਂ ਲੈ ਕੇ ਮੂੰਹ ਅਤੇ ਜੀਭ ਦੇ ਕੈਂਸਰ ਤੱਕ ਸ਼ਾਮਲ ਹਨ। ਇਨ੍ਹਾਂ ਵਿੱਚੋਂ ਬਹੁਤੀਆਂ ਬੀਮਾਰੀਆਂ ਦਾ ਪ੍ਰਭਾਵਸ਼ਾਲੀ ਇਲਾਜ ਸੰਭਵ ਹੈ, ਪਰ ਡਾਕਟਰਾਂ ਦਾ ਕਹਿਣਾ ਹੈ ਕਿ ਸਮੇਂ ਸਿਰ ਬੀਮਾਰੀ ਦੀ ਪਛਾਣ ਹੋਣ ਨਾਲ ਸਥਾਈ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ ਅਤੇ ਮਰੀਜ਼ ਦੇ ਠੀਕ ਹੋਣ ਦੀ ਸੰਭਾਵਨਾ ਵੀ ਕਾਫ਼ੀ ਵੱਧ ਜਾਂਦੀ ਹੈ।

ਦ ਲੈਂਸੇਟ ਵਿੱਚ ਪ੍ਰਕਾਸ਼ਿਤ ਖੋਜ ਅਨੁਸਾਰ ਸਿਰ ਅਤੇ ਗਰਦਨ ਦੇ ਕੈਂਸਰ ਦੀ ਸਮੇਂ ਸਿਰ ਪਛਾਣ ਨਾ ਹੋਣ ਕਾਰਨ ਬੀਮਾਰੀ ਗੰਭੀਰ ਪੜਾਅ ਵਿੱਚ ਪਹੁੰਚ ਜਾਂਦੀ ਹੈ। ਇਸ ਨਾਲ ਇਲਾਜ ਔਖਾ ਹੋ ਜਾਂਦਾ ਹੈ ਅਤੇ ਮਰੀਜ਼ ਦੇ ਠੀਕ ਹੋਣ ਦੀ ਸੰਭਾਵਨਾ ਵੀ ਘੱਟ ਹੋ ਜਾਂਦੀ ਹੈ। ਇਸ ਲਈ ਲੰਬੇ ਸਮੇਂ ਤੱਕ ਬਣੇ ਰਹਿਣ ਵਾਲੇ ਲੱਛਣਾਂ ਦੀ ਸਮੇਂ ਸਿਰ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਹੈ।

ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ, “ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਪੰਜਾਬ ਦੇ ਯੋਗ ਮਰੀਜ਼ਾਂ ਨੂੰ ਸਰਕਾਰੀ ਅਤੇ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ ਆਧੁਨਿਕ ਈਐਨਟੀ ਸਰਜਰੀ ਮੁਫ਼ਤ ਮੁਹੱਈਆ ਕਰਵਾਈ ਜਾ ਰਹੀ ਹੈ। ਰਾਜ ਸਿਹਤ ਏਜੰਸੀ ਦੇ ਅੰਕੜਿਆਂ ਅਨੁਸਾਰ ਹੁਣ ਤੱਕ ਲਗਭਗ 2,030 ਮਰੀਜ਼ਾਂ ਦੀਆਂ ਈਐਨਟੀ ਸਰਜਰੀਆਂ ਕੀਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ’ਤੇ ਕਰੀਬ 5.25 ਕਰੋੜ ਰੁਪਏ ਖਰਚ ਕੀਤੇ ਗਏ ਹਨ।”

ਡਾ. ਨਿਧੀ ਗੁਪਤਾ, ਮੈਡੀਕਲ ਅਫ਼ਸਰ (ਈਐਨਟੀ ਮਾਹਿਰ), ਸਿਵਲ ਹਸਪਤਾਲ, ਰੂਪਨਗਰ (ਰੋਪੜ) ਨੇ ਕਿਹਾ, “ਲੋਕ ਅਕਸਰ ਕੰਨ ਵਿੱਚੋਂ ਲਗਾਤਾਰ ਪਾਣੀ ਆਉਣਾ, ਸੁਣਨ ਦੀ ਸਮਰੱਥਾ ਘਟਣਾ, ਨੱਕ ਬੰਦ ਰਹਿਣਾ ਜਾਂ ਮੂੰਹ ਦੇ ਛਾਲਿਆਂ ਵਰਗੀਆਂ ਸਮੱਸਿਆਵਾਂ ਨੂੰ ਸ਼ੁਰੂਆਤੀ ਦੌਰ ਵਿੱਚ ਦਰਦ ਨਾ ਹੋਣ ਕਰਕੇ ਨਜ਼ਰਅੰਦਾਜ਼ ਕਰ ਦਿੰਦੇ ਹਨ। ਪਰ ਇਲਾਜ ਵਿੱਚ ਦੇਰੀ ਕਾਰਨ ਸਥਾਈ ਬਹਿਰਾਪਣ, ਕਰੋਨਿਕ ਸਾਇਨਸ ਜਾਂ ਗੰਭੀਰ ਮੂੰਹ ਦਾ ਕੈਂਸਰ ਹੋ ਸਕਦਾ ਹੈ।”

ਈਐਨਟੀ ਨਾਲ ਸੰਬੰਧਿਤ ਬੀਮਾਰੀਆਂ ਵਿੱਚ ਕੰਨਾਂ ਦੀਆਂ ਬੀਮਾਰੀਆਂ ਸਭ ਤੋਂ ਵੱਧ ਪਾਈਆਂ ਜਾਂਦੀਆਂ ਹਨ। ਕੰਨਾਂ ਦਾ ਪੁਰਾਣਾ ਇਨਫੈਕਸ਼ਨ ਅਤੇ ਸੁਣਨ ਦੀ ਸਮਰੱਥਾ ਵਿੱਚ ਕਮੀ, ਈਐਨਟੀ ਸਰਜਰੀ ਦੇ ਸਭ ਤੋਂ ਆਮ ਕਾਰਨ ਹਨ। ਮਰੀਜ਼ ਅਕਸਰ ਕੰਨ ਵਿੱਚੋਂ ਵਾਰ-ਵਾਰ ਪਾਣੀ ਆਉਣਾ, ਘੱਟ ਸੁਣਾਈ ਦੇਣਾ, ਕੰਨ ਵਿੱਚ ਆਵਾਜ਼ (ਘੰਟੀ ਜਾਂ ਭਨਭਨਾਹਟ) ਆਉਣਾ ਜਾਂ ਲੰਬੇ ਸਮੇਂ ਤੋਂ ਇਨਫੈਕਸ਼ਨ ਦੀ ਸ਼ਿਕਾਇਤ ਲੈ ਕੇ ਡਾਕਟਰ ਕੋਲ ਪਹੁੰਚਦੇ ਹਨ।

ਰਾਜ ਸਿਹਤ ਏਜੰਸੀ (ਐਸਐਚਏ), ਪੰਜਾਬ ਦੇ ਤਾਜ਼ਾ ਅੰਕੜਿਆਂ ਅਨੁਸਾਰ, ਪਿਛਲੇ ਸਾਢੇ ਪੰਜ ਮਹੀਨਿਆਂ ਦੌਰਾਨ ਲਗਭਗ 1,050 ਕੰਨਾਂ ਦੀਆਂ ਸਰਜਰੀਆਂ ਕੀਤੀਆਂ ਗਈਆਂ, ਜਿਨ੍ਹਾਂ ’ਤੇ ਕਰੀਬ 2.9 ਕਰੋੜ ਰੁਪਏ ਖਰਚ ਹੋਏ। ਇਨ੍ਹਾਂ ਵਿੱਚ 897 ਟਾਇਮਪੈਨੋਪਲਾਸਟੀ, 88 ਰੈਡੀਕਲ ਮਾਸਟੋਇਡੈਕਟਮੀ, ਅਤੇ ਕੰਨ ਦੀ ਸੱਟ ਅਤੇ ਪਿੰਨਾ (ਬਾਹਰੀ ਕੰਨ) ਦੇ ਟਿਊਮਰਾਂ ਦੀਆਂ ਸਰਜਰੀਆਂ ਸ਼ਾਮਲ ਹਨ।

ਡਾ. ਗੁਪਤਾ ਨੇ ਕਿਹਾ, “ਇਨ੍ਹਾਂ ਵਿੱਚੋਂ ਜ਼ਿਆਦਾਤਰ ਆਪਰੇਸ਼ਨ ਫਟੇ ਹੋਏ ਕੰਨ ਦੇ ਪਰਦੇ ਦੀ ਮੁਰੰਮਤ ਕਰਨ ਜਾਂ ਮੱਧ ਕੰਨ ਵਿੱਚ ਲੰਬੇ ਸਮੇਂ ਤੋਂ ਮੌਜੂਦ ਇਨਫੈਕਸ਼ਨ ਨੂੰ ਦੂਰ ਕਰਨ ਲਈ ਕੀਤੇ ਜਾਂਦੇ ਹਨ। ਸਮੇਂ ਸਿਰ ਸਰਜਰੀ ਕਰਵਾਉਣ ਨਾਲ ਨਾ ਸਿਰਫ਼ ਸੁਣਨ ਦੀ ਸਮਰੱਥਾ ਮੁੜ ਬਹਾਲ ਹੁੰਦੀ ਹੈ, ਸਗੋਂ ਇਨਫੈਕਸ਼ਨ ਨੂੰ ਮਾਸਟੋਇਡ ਹੱਡੀ ਅਤੇ ਆਲੇ-ਦੁਆਲੇ ਦੇ ਮਹੱਤਵਪੂਰਨ ਅੰਗਾਂ ਤੱਕ ਫੈਲਣ ਤੋਂ ਵੀ ਰੋਕਿਆ ਜਾ ਸਕਦਾ ਹੈ।”

ਸਾਹ ਲੈਣ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਅਕਸਰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ

ਲਗਾਤਾਰ ਨੱਕ ਬੰਦ ਰਹਿਣ ਦੀ ਸਮੱਸਿਆ ਨੂੰ ਲੋਕ ਆਮ ਗੱਲ ਸਮਝ ਕੇ ਅਣਡਿੱਠਾ ਕਰ ਦਿੰਦੇ ਹਨ, ਜਦਕਿ ਇਸ ਦਾ ਸਿੱਧਾ ਅਸਰ ਨੀਂਦ, ਕੰਮ ਕਰਨ ਦੀ ਸਮਰੱਥਾ ਅਤੇ ਜੀਵਨ ਦੀ ਗੁਣਵੱਤਾ ’ਤੇ ਪੈਂਦਾ ਹੈ। ਮਾਹਿਰਾਂ ਅਨੁਸਾਰ, ਲੰਬੇ ਸਮੇਂ ਦਾ ਸਾਇਨਸ ਇਨਫੈਕਸ਼ਨ, ਨੱਕ ਦੀ ਟੇਢੀ ਹੱਡੀ (ਡੀ.ਐਨ.ਐੱਸ.), ਵਧੇ ਹੋਏ ਟਰਬੀਨੇਟਸ ਅਤੇ ਨੱਕ ਦੇ ਪੌਲਿਪਸ ਲੰਬੇ ਸਮੇਂ ਤੱਕ ਸਾਹ ਲੈਣ ਵਿੱਚ ਦਿੱਕਤ ਦੇ ਮੁੱਖ ਕਾਰਨ ਹਨ।

ਰਾਜ ਸਿਹਤ ਏਜੰਸੀ, ਪੰਜਾਬ ਦੇ ਅਨੁਸਾਰ, ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਰਾਜ ਵਿੱਚ ਲਗਭਗ 900 ਨੱਕ ਅਤੇ ਸਾਇਨਸ ਦੀਆਂ ਸਰਜਰੀਆਂ ਕੀਤੀਆਂ ਗਈਆਂ, ਜਿਨ੍ਹਾਂ ’ਤੇ 2.1 ਕਰੋੜ ਰੁਪਏ ਤੋਂ ਵੱਧ ਖਰਚ ਆਇਆ। ਇਨ੍ਹਾਂ ਵਿੱਚ 395 ਫੰਕਸ਼ਨਲ ਸੈਪਟੋ ਰਾਈਨੋਪਲਾਸਟੀ, 354 ਸੈਪਟੋਪਲਾਸਟੀ, 227 ਫੰਕਸ਼ਨਲ ਐਂਡੋਸਕੋਪਿਕ ਸਾਇਨਸ ਸਰਜਰੀ (ਐੱਫ.ਈ.ਐੱਸ.ਐੱਸ.) ਅਤੇ ਹੋਰ ਸੁਧਾਰਾਤਮਕ ਸਰਜਰੀਆਂ ਸ਼ਾਮਲ ਹਨ।

ਡਾ. ਗੁਪਤਾ ਨੇ ਕਿਹਾ, “ਕਈ ਮਰੀਜ਼ ਸਾਲਾਂ ਤੱਕ ਸਿਰਫ਼ ਨੱਕ ਵਾਲੇ ਸਪਰੇ ਦੀ ਵਰਤੋਂ ਕਰਦੇ ਰਹਿੰਦੇ ਹਨ, ਪਰ ਅਸਲ ਕਾਰਨ ਦਾ ਇਲਾਜ ਨਹੀਂ ਕਰਵਾਉਂਦੇ। ਐਂਡੋਸਕੋਪਿਕ ਸਰਜਰੀ ਲੰਬੇ ਸਮੇਂ ਲਈ ਰਾਹਤ ਦਿੰਦੀ ਹੈ, ਸਾਹ ਲੈਣ ਵਿੱਚ ਸੁਧਾਰ ਕਰਦੀ ਹੈ ਅਤੇ ਵਾਰ-ਵਾਰ ਹੋਣ ਵਾਲੇ ਇਨਫੈਕਸ਼ਨ ਦੀ ਸੰਭਾਵਨਾ ਨੂੰ ਘਟਾਉਂਦੀ ਹੈ।”

ਮੂੰਹ ਦਾ ਕੈਂਸਰ: ਮਾਮਲੇ ਘੱਟ, ਪਰ ਗੰਭੀਰਤਾ ਕਾਫ਼ੀ ਵੱਧ

ਭਾਵੇਂ ਮੂੰਹ ਅਤੇ ਜੀਭ ਨਾਲ ਸੰਬੰਧਿਤ ਸਰਜਰੀਆਂ ਦੀ ਗਿਣਤੀ ਮੁਕਾਬਲਤਨ ਘੱਟ ਹੈ, ਪਰ ਮਾਹਿਰਾਂ ਦਾ ਕਹਿਣਾ ਹੈ ਕਿ ਦੇਰ ਨਾਲ ਪਤਾ ਲੱਗਣ ਕਾਰਨ ਇਹ ਈਐਨਟੀ ਦੀਆਂ ਸਭ ਤੋਂ ਜਟਿਲ ਸਰਜਰੀਆਂ ਵਿੱਚੋਂ ਇੱਕ ਮੰਨੀਆਂ ਜਾਂਦੀਆਂ ਹਨ।

ਲਗਭਗ 80 ਮਰੀਜ਼ਾਂ ਦੇ ਮੂੰਹ ਅਤੇ ਜੀਭ ਨਾਲ ਸੰਬੰਧਿਤ ਆਪਰੇਸ਼ਨ ਕੀਤੇ ਗਏ, ਜਿਨ੍ਹਾਂ ’ਤੇ ਕਰੀਬ 25 ਲੱਖ ਰੁਪਏ ਖਰਚ ਕੀਤੇ ਗਏ। ਇਨ੍ਹਾਂ ਵਿੱਚ ਸ਼ਾਮਲ ਹਨ—

* ਮੂੰਹ, ਸਾਇਨਸ ਅਤੇ ਗਲੇ ਦੇ ਟਿਊਮਰ ਕੱਢਣ ਦੀਆਂ 47 ਸਰਜਰੀਆਂ

* 13 ਜੀਭ ਦੇ ਟਿਊਮਰ ਦੀਆਂ ਸਰਜਰੀਆਂ, ਜਿਨ੍ਹਾਂ ਵਿੱਚ ਗਰਦਨ ਦੀਆਂ ਲਿੰਫ ਨੋਡਾਂ ਨੂੰ ਹਟਾਉਣਾ (ਨੈਕ ਡਿਸੈਕਸ਼ਨ) ਅਤੇ ਫ੍ਰੀ ਫਲੈਪ ਰੀਕੰਸਟ੍ਰਕਸ਼ਨ ਸ਼ਾਮਲ ਸੀ।

* 7 ਕੰਪੋਜ਼ਿਟ ਰੀਸੈਕਸ਼ਨ ਅਤੇ ਰੀਕੰਸਟ੍ਰਕਸ਼ਨ ਦੀਆਂ ਸਰਜਰੀਆਂ।

* ਹੈਮੀਗਲੋਸੈਕਟੋਮੀ ਸਮੇਤ ਹੋਰ ਵੱਡੇ ਆਪਰੇਸ਼ਨ।

ਡਾ. ਗੁਪਤਾ ਨੇ ਦੱਸਿਆ ਕਿ ਮੂੰਹ ਦਾ ਕੈਂਸਰ ਅਕਸਰ ਅਜਿਹੇ ਛਾਲੇ ਦੇ ਰੂਪ ਵਿੱਚ ਸ਼ੁਰੂ ਹੁੰਦਾ ਹੈ ਜੋ ਲੰਬੇ ਸਮੇਂ ਤੱਕ ਠੀਕ ਨਹੀਂ ਹੁੰਦਾ, ਜਾਂ ਫਿਰ ਮੂੰਹ ਵਿੱਚ ਚਿੱਟੇ ਜਾਂ ਲਾਲ ਧੱਬੇ, ਜੀਭ ਵਿੱਚ ਦਰਦ ਜਾਂ ਨਿਗਲਣ ਵਿੱਚ ਮੁਸ਼ਕਲ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ। ਤੰਬਾਕੂ, ਗੁਟਖਾ, ਸੁਪਾਰੀ ਅਤੇ ਸ਼ਰਾਬ ਇਸ ਦੇ ਮੁੱਖ ਜੋਖਿਮ ਕਾਰਕ ਹਨ।

ਉਨ੍ਹਾਂ ਕਿਹਾ ਕਿ ਜੇ ਮੂੰਹ ਦਾ ਕੋਈ ਛਾਲਾ ਦੋ ਹਫ਼ਤਿਆਂ ਤੋਂ ਵੱਧ ਸਮੇਂ ਤੱਕ ਬਣਿਆ ਰਹੇ ਤਾਂ ਉਸ ਨੂੰ ਕਦੇ ਵੀ ਅਣਡਿੱਠਾ ਨਹੀਂ ਕਰਨਾ ਚਾਹੀਦਾ। ਦ ਲੈਂਸੇਟ ਸਮੇਤ ਅੰਤਰਰਾਸ਼ਟਰੀ ਅਧਿਐਨਾਂ ਤੋਂ ਇਹ ਸਪੱਸ਼ਟ ਹੋਇਆ ਹੈ ਕਿ ਕੈਂਸਰ ਦੀ ਪਛਾਣ ਵਿੱਚ ਦੇਰੀ ਹੋਣ ਨਾਲ ਇਹ ਗੰਭੀਰ ਪੜਾਅ ਵਿੱਚ ਪਹੁੰਚ ਜਾਂਦਾ ਹੈ ਅਤੇ ਇਲਾਜ ਦੇ ਨਤੀਜੇ ਵੀ ਪ੍ਰਭਾਵਿਤ ਹੁੰਦੇ ਹਨ। ਡਾ. ਗੁਪਤਾ ਨੇ ਕਿਹਾ, “ਜੇ ਕੈਂਸਰ ਦੀ ਪਛਾਣ ਸ਼ੁਰੂਆਤੀ ਪੜਾਅ ਵਿੱਚ ਹੋ ਜਾਵੇ ਤਾਂ ਇਸ ਦਾ ਇਲਾਜ ਅਕਸਰ ਛੋਟੇ ਆਪਰੇਸ਼ਨ ਨਾਲ ਸੰਭਵ ਹੁੰਦਾ ਹੈ। ਪਰ ਦੇਰ ਨਾਲ ਪਤਾ ਲੱਗਣ ’ਤੇ ਵੱਡੇ ਆਪਰੇਸ਼ਨ, ਰੀਕੰਸਟ੍ਰਕਸ਼ਨ ਅਤੇ ਵਾਧੂ ਇਲਾਜ ਦੀ ਲੋੜ ਪੈਂਦੀ ਹੈ।”

Similar Posts

Leave a Reply

Your email address will not be published. Required fields are marked *