ਚੰਡੀਗੜ੍ਹ, 3 ਮਈ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਟੇਟ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸੂਬੇ ਵਿੱਚ ਅਮਨ-ਕਾਨੂੰਨ ਅਤੇ ਨਸ਼ਾ ਮੁਕਤੀ ਲਈ ਚੁੱਕੇ ਜਾ ਰਹੇ ਕ੍ਰਾਂਤੀਕਾਰੀ ਕਦਮਾਂ ਦੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਵਿੱਚ ‘ਯੁੱਧ ਨਸ਼ਿਆਂ ਵਿਰੁੱਧ’ ਅਤੇ ‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਪੂਰੀ ਵਚਨਬੱਧਤਾ ਨਾਲ ਚਲਾਈ ਜਾ ਰਹੀ ਹੈ।
ਗੈਂਗਸਟਰਾਂ ‘ਤੇ ਸ਼ਿਕੰਜਾ ਮਜ਼ਬੂਤ ਕਰਨ ਲਈ ਪੰਜਾਬ ਪੁਲਿਸ ਦੀ ਤਕਨੀਕੀ ਤਰੱਕੀ ਬਾਰੇ ਚਰਚਾ ਕਰਦਿਆਂ ਪੰਨੂ ਨੇ ਕਿਹਾ ਕਿ ਸਾਡੀ ਪੁਲਿਸ ਹੁਣ ਪੂਰੀ ਤਰ੍ਹਾਂ ਹਾਈ-ਟੈਕ ਹੋ ਚੁੱਕੀ ਹੈ। ਹੁਣ ਗੈਂਗਸਟਰਾਂ ਨੂੰ ਨੱਥ ਪਾਉਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਮਦਦ ਲਈ ਜਾ ਰਹੀ ਹੈ। ਪੰਜਾਬ ਪੁਲਿਸ ਨੇ ਇੱਕ ਆਧੁਨਿਕ ‘ਵੌਇਸ ਬੈਂਕ’ ਤਿਆਰ ਕੀਤਾ ਹੈ ਜਿਸ ਵਿੱਚ 84,000 ਤੋਂ ਵੱਧ ਦੋਸ਼ੀਆਂ ਅਤੇ ਸ਼ੱਕੀਆਂ ਦੇ ਵੌਇਸ ਸੈਂਪਲ ਲਏ ਗਏ ਹਨ।
ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਸ਼ੰਭੂ ਧਮਾਕੇ ਦੇ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਪੁਲਿਸ ਨੇ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ਨੇ ਪੁਰਾਣੇ ਧਮਾਕਿਆਂ ਵਿੱਚ ਵੀ ਆਪਣੀ ਸ਼ਮੂਲੀਅਤ ਕਬੂਲ ਕੀਤੀ ਹੈ। ਇਹ ਸਾਰੀਆਂ ਗ੍ਰਿਫ਼ਤਾਰੀਆਂ ਇਸੇ ਤਕਨੀਕ ਦੀ ਮਦਦ ਨਾਲ ਸੰਭਵ ਹੋ ਸਕੀਆਂ ਹਨ।
ਪੰਨੂ ਨੇ ਦੱਸਿਆ ਕਿ ਪੰਜਾਬ ਪੁਲਿਸ ਕੋਲ ਹੁਣ ਦੁਨੀਆ ਭਰ ਵਿੱਚ ਸਰਗਰਮ ਲਗਭਗ 3 ਲੱਖ 90 ਹਜ਼ਾਰ ਤੋਂ ਵੱਧ ਅਪਰਾਧੀਆਂ ਦਾ ਵਿਸ਼ਾਲ ਡਾਟਾਬੇਸ ਉਪਲਬਧ ਹੈ। ਵੌਇਸ ਰੈਕੋਗਨੀਸ਼ਨ ਸਿਸਟਮ ਦੀ ਮਦਦ ਨਾਲ ਹੁਣ ਅਪਰਾਧੀਆਂ ਦੀ ਪਛਾਣ ਅਤੇ ਉਨ੍ਹਾਂ ਦੇ ਟਿਕਾਣਿਆਂ ਦਾ ਪਤਾ ਮਹਿਜ਼ ਕੁਝ ਹੀ ਮਿੰਟਾਂ ਵਿੱਚ ਲਗਾ ਲਿਆ ਜਾਵੇਗਾ।
ਪੰਨੂ ਨੇ ਕਿਹਾ ਕਿ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲਾ ਹੁਣ ਬਚ ਨਹੀਂ ਸਕੇਗਾ। ਸੂਬੇ ਦੀ ਹਾਈ-ਟੈਕ ਪੁਲਿਸ ਇਸ ਐਡਵਾਂਸ ਟੈਕਨਾਲੋਜੀ ਦੀ ਮਦਦ ਨਾਲ ਹਰ ਅਪਰਾਧੀ ਨੂੰ ਪਾਤਾਲ ਵਿੱਚੋਂ ਵੀ ਲੱਭ ਕੇ ਕੱਢੇਗੀ।
ਨਸ਼ੇ ਅਤੇ ਗੈਂਗਸਟਰਵਾਦ ਵਿਰੁੱਧ ‘ਆਪ’ ਸਰਕਾਰ ਦੀ ਮੁਹਿੰਮ ਦਾ ਜ਼ਿਕਰ ਕਰਦਿਆਂ ਬਲਤੇਜ ਪੰਨੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਪਿਛਲੇ 427 ਦਿਨਾਂ ਤੋਂ ਲਗਾਤਾਰ ਜਾਰੀ ਹੈ। ਇਸ ਮੁਹਿੰਮ ਤਹਿਤ ਨਾ ਸਿਰਫ਼ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਜ਼ਬਤ ਕੀਤੇ ਜਾ ਰਹੇ ਹਨ, ਸਗੋਂ ਨਸ਼ਾ ਤਸਕਰਾਂ ਦਾ ਲੱਕ ਵੀ ਤੋੜਿਆ ਜਾ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜਿਨ੍ਹਾਂ ਲੋਕਾਂ ਨੇ ਨਸ਼ੇ ਦੀ ਕਾਲੀ ਕਮਾਈ ਨਾਲ ਆਲੀਸ਼ਾਨ ਮਹਿਲ ਉਸਾਰੇ ਹਨ, ਉਨ੍ਹਾਂ ‘ਤੇ ਸਰਕਾਰ ਦਾ ‘ਪੀਲਾ ਪੰਜਾ’ (ਬੁਲਡੋਜ਼ਰ) ਲਗਾਤਾਰ ਚੱਲ ਰਿਹਾ ਹੈ। ਇਹ ਮੁਹਿੰਮ ਉਦੋਂ ਤੱਕ ਨਹੀਂ ਰੁਕੇਗੀ ਜਦੋਂ ਤੱਕ ਪੰਜਾਬ ਦੀ ਧਰਤੀ ਤੋਂ ਨਸ਼ੇ ਦਾ ਪੂਰੀ ਤਰ੍ਹਾਂ ਸਫ਼ਾਇਆ ਨਹੀਂ ਹੋ ਜਾਂਦਾ।
