ਚੰਡੀਗੜ੍ਹ 12 ਅਗਸਤ 2025:
ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਅੱਜ ਅਬੋਹਰ ਵਿਖੇ ਤਾਇਨਾਤ ਫਾਇਰ ਅਫਸਰ ਵਰਿੰਦਰ ਕਥੂਰੀਆ ਨੂੰ 20,000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਰਾਜ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਨੇ ਸ਼ਿਕਾਇਤਕਰਤਾ ਰਿਸ਼ਵ ਕਾਲੀਆ ਵਾਸੀ ਤਹਿਸੀਲ ਅਬੋਹਰ ਜ਼ਿਲ੍ਹਾ ਫਾਜ਼ਿਲਕਾ ਤੋਂ ਰਿਸ਼ਵਤ ਦੀ ਮੰਗ ਕੀਤੀ। ਸ਼ਿਕਾਇਤਕਰਤਾ ਰਿਸ਼ਵ ਕਾਲੀਆ ਨਵੇਂ ਅੱਗ ਬੁਝਾਊ ਯੰਤਰ ਵੇਚਣ ਅਤੇ ਪੁਰਾਣੇ ਅੱਗ ਬੁਝਾਊ ਯੰਤਰਾਂ ਨੂੰ ਰਿਫਿਲ ਕਰਨ ਦਾ ਕੰਮ ਕਰਦਾ ਹੈ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਫਾਇਰ ਅਫ਼ਸਰ ਵਰਿੰਦਰ ਕਥੂਰੀਆ ਨੇ ਉਸ ਕੋਲੋਂ ਬਿੱਲਾਂ ਦੇ ਨਿਪਟਾਰੇ ਲਈ ਕਮਿਸ਼ਨ ਦੇ ਰੂਪ ਵਿੱਚ 25,000 ਰੁਪਏ ਤੋਂ 30,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ। ਇਸ ਤੋਂ ਇਲਾਵਾ, ਸ਼ਿਕਾਇਤਕਰਤਾ ਆਪਣੇ ਹੋਰ ਬਿੱਲਾਂ ਦੇ ਨਿਪਟਾਰੇ ਲਈ ਵੀ ਮੁਲਜ਼ਮ ਨੂੰ ਉਸਦੇ ਘਰ ਜਾ ਕੇ ਮਿਲਿਆ ਸੀ।
ਸ਼ਿਕਾਇਤਕਰਤਾ ਆਪਣੇ ਜਾਇਜ਼ ਕੰਮ ਲਈ ਉਸ ਨੂੰ ਰਿਸ਼ਵਤ ਨਹੀਂ ਦੇਣਾ ਚਾਹੁੰਦਾ ਸੀ। ਇਸ ਲਈ, ਵਿਜੀਲੈਂਸ ਬਿਊਰੋ ਵੱਲੋਂ ਅਜਿਹੇ ਭ੍ਰਿਸ਼ਟ ਅਧਿਕਾਰੀ ਨੂੰ ਗ੍ਰਿਫ਼ਤਾਰ ਕਰਵਾਉਣ ਲਈ, ਸ਼ਿਕਾਇਤਕਰਤਾ ਨੇ ਮਲਜ਼ਮ ਨਾਲ ਕੀਤੀ ਆਪਣੀ ਗੱਲਬਾਤ ਰਿਕਾਰਡ ਕਰ ਲਈ ਅਤੇ ਇਸ ਮਾਮਲੇ ਦੀ ਰਿਪੋਰਟ ਵਿਜੀਲੈਂਸ ਬਿਊਰੋ ਦੀ ਫਾਜ਼ਿਲਕਾ ਯੂਨਿਟ ਕੋਲ ਕੀਤੀ।
ਵਿਜੀਲੈਂਸ ਬਿਊਰੋ ਦੀ ਫਾਜ਼ਿਲਕਾ ਯੂਨਿਟ ਵਿਖੇ ਸ਼ਿਕਾਇਤਕਰਤਾ ਦਾ ਬਿਆਨ ਦਰਜ ਕੀਤਾ ਗਿਆ। ਇਸ ਉਪਰੰਤ ਮੁਲਜ਼ਮ ਨੂੰ ਸਰਕਾਰੀ ਗਵਾਹ ਦੀ ਹਾਜ਼ਰੀ ਵਿੱਚ 20,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਅਤੇ ਉਕਤ ਮੁਲਜ਼ਮ ਵਿਰੁੱਧ ਪੀ.ਸੀ. (ਸੋਧ) ਐਕਟ, 2018 ਰਾਹੀਂ ਸੋਧ ਕੀਤੀ ਧਾਰਾ 7 ਪੀ.ਸੀ. ਐਕਟ 1988 ਤਹਿਤ ਥਾਣਾ ਵਿਜੀਲੈਂਸ ਬਿਊਰੋ, ਰੇਂਜ ਫਿਰੋਜ਼ਪੁਰ ਵਿਖੇ ਕੇਸ ਦਰਜ ਕੀਤਾ ਗਿਆ। ਇਸ ਮਾਮਲੇ ਦੀ ਜਾਂਚ ਜਾਰੀ ਹੈ। ਮੁਲਜ਼ਮ ਫਾਇਰ ਅਫਸਰ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।