ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਸਮਾਗਮਾਂ ‘ਚ ਹੁਣ ਤੱਕ 12 ਲੱਖ ਤੋਂ ਵੱਧ ਸੰਗਤ ਪੁੱਜੀ

author
0 minutes, 0 seconds Read

ਚੰਡੀਗੜ੍ਹ, 11 ਨਵੰਬਰ 2025: ਪੰਜਾਬ ਸਰਕਾਰ ਨੇ ਨਵੰਬਰ 2025 ਨੂੰ “ਸ਼ਹੀਦੀ ਸਮਰਨ ਮਾਹ” ਵਜੋਂ ਮਨਾਉਣ ਦਾ ਫੈਸਲਾ ਲਿਆ ਹੈ | ਇਸ ਤਹਿਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਸਾਲ ਤੇ ਇਸ ਵਾਰ ਪੂਰਾ ਨਵੰਬਰ ਮਹੀਨਾ ਪੰਜਾਬ ‘ਚ ਸ਼ਰਧਾ ਅਤੇ ਸੇਵਾ ਨੂੰ ਸਮਰਪਿਤ ਹੈ। ਨੌਵੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਧਰਮ, ਇੰਸਾਨੀਅਤ ਅਤੇ ਕਮਜ਼ੋਰਾਂ ਦੀ ਰੱਖਿਆ ਲਈ ਆਪਣਾ ਸੀਸ ਦਿੱਤਾ।

ਸ਼ਹੀਦੀ ਸਮਾਗਮਾਂ ਲਈ ਪ੍ਰੋਗਰਾਮ 1 ਨਵੰਬਰ ਤੋਂ ਸ਼ੁਰੂ ਹੋ ਚੁੱਕੇ ਹਨ। ਪੰਜਾਬ ਦੇ ਹਰ ਜ਼ਿਲ੍ਹੇ ਦੇ ਗੁਰਦੁਆਰਿਆਂ ‘ਚ ਰੋਜ਼ ਸਵੇਰ-ਸ਼ਾਮ ਕੀਰਤਨ, ਅਰਦਾਸ ਅਤੇ ਕਥਾ ਹੋ ਰਹੀ ਹੈ। ਹੁਣ ਤੱਕ 12 ਲੱਖ ਤੋਂ ਵੱਧ ਸ਼ਰਧਾਲੂ ਇਨ੍ਹਾਂ ਸਮਾਗਮਾਂ ‘ਚ ਸ਼ਾਮਲ ਹੋ ਚੁੱਕੇ ਹਨ। ਪੰਜਾਦੇ ਵੱਡੇ ਸ਼ਹਿਰਾਂ – ਅਮ੍ਰਿਤਸਰ, ਲੁਧਿਆਣਾ, ਪਟਿਆਲਾ, ਜਲੰਧਰ, ਸ੍ਰੀ ਆਨੰਦਪੁਰ ਸਾਹਿਬ ਅਤੇ ਸ੍ਰੀ ਫਤਹਿਗੜ੍ਹ ਸਾਹਿਬ ਵਿੱਚ ਰੋਜ਼ “ਸ਼ਹੀਦੀ ਕੀਰਤਨ ਦਰਬਾਰ” ਹੋ ਰਹੇ ਹਨ, ਜਿਨ੍ਹਾਂ ‘ਚ ਪੰਜਾਬ ਅਤੇ ਬਾਹਰੋਂ ਵੀ ਸੰਗਤਾਂ ਪਹੁੰਚ ਰਹੀਆਂ ਹਨ। ਸ਼ਹਿਰਾਂ ਦੇ ਬਾਜ਼ਾਰਾਂ ਅਤੇ ਰੂਟਾਂ ਤੇ ਨਗਰ-ਕੀਰਤਨ ਕੱਢੇ ਜਾ ਰਹੇ ਹਨ। ਪ੍ਰਸ਼ਾਸਨ ਨੇ ਸੁਰੱਖਿਆ ਅਤੇ ਟ੍ਰੈਫਿਕ ਲਈ ਪੂਰੇ ਮਹੀਨੇ ਵਾਧੂ ਪੁਲਿਸ, ਹੋਮਗਾਰਡ ਅਤੇ ਮੈਡੀਕਲ ਟੀਮ ਤਾਇਨਾਤ ਕੀਤੀ ਹੈ।

ਇਸਦੇ ਨਾਲ ਹੀ ਪੰਜਾਬ ‘ਚ 500 ਤੋਂ ਵੱਧ ਸੇਵਾ ਕੈਂਪ ਲਗਾਏ ਹਨ। ਇਨ੍ਹਾਂ ‘ਚੋਂ ਕਈ ਥਾਵਾਂ ਤੇ ਰੋਜ਼ ਲੰਗਰ ਚੱਲਦਾ ਹੈ। ਸਿਹਤ ਵਿਭਾਗ ਨੇ 220 ਮੈਡੀਕਲ ਕੈਂਪ ਲਗਾਏ, ਜਿਨ੍ਹਾਂ ‘ਚ ਕਰੀਬ 1.4 ਲੱਖ ਲੋਕਾਂ ਦਾ ਮੁਫਤ ਚੈਕਅੱਪ ਹੋਇਆ ਅਤੇ ਦਵਾਈਆਂ ਦਿੱਤੀਆਂ।

ਸਿੱਖਿਆ ਵਿਭਾਗ ਨੇ ਵੀ ਸੂਬੇ ਭਰ ‘ਚ “ਮੋਰਲ ਐਜੂਕੇਸ਼ਨ ਡਰਾਈਵ” ਸ਼ੁਰੂ ਕੀਤੀ। 20 ਹਜ਼ਾਰ ਤੋਂ ਵੱਧ ਸਕੂਲਾਂ ਅਤੇ ਕਾਲਜਾਂ ‘ਚ 10 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਲੇਖ, ਕਵਿਤਾ, ਪੋਸਟਰ, ਭਾਸ਼ਣ ਅਤੇ ਸੱਭਿਆਚਾਰਕ ਪ੍ਰੋਗਰਾਮਾਂ ‘ਚ ਹਿੱਸਾ ਲਿਆ। ਬੱਚਿਆਂ ਨੂੰ ਇਹ ਦੱਸਿਆ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸਿਰਫ ਇਤਿਹਾਸ ਨਹੀਂ, ਬਲਕਿ ਇੰਸਾਨੀਅਤ ਦੀ ਰੱਖਿਆ ਦੀ ਸਭ ਤੋਂ ਵੱਡੀ ਮਿਸਾਲ ਹੈ। ਸਰਕਾਰ ਦੀ “ਡਿਜੀਟਲ ਡਾਕੂਮੈਂਟਰੀ ਸੀਰੀਜ਼” ਨੂੰ ਔਨਲਾਈਨ ਲੱਖਾਂ ਵਾਰ ਦੇਖਿਆ ਜਾ ਚੁੱਕਾ ਹੈ।

ਅਮ੍ਰਿਤਸਰ ਅਤੇ ਸ੍ਰੀ ਆਨੰਦਪੁਰ ਸਾਹਿਬ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਪਹੁੰਚ ਰਹੀਆਂ ਹਨ। ਪ੍ਰਬੰਧਕ ਕਮੇਟੀਆਂ ਨੇ ਰਾਤ ਭਰ ਸਫਾਈ, ਰੋਸ਼ਨੀ, ਪਾਣੀ, ਪਾਰਕਿੰਗ ਅਤੇ ਸੁਰੱਖਿਆ ਦੀ ਤਿਆਰੀ ਕੀਤੀ। ਨਵੰਬਰ ਦੇ ਬਾਕੀ ਦਿਨਾਂ ‘ਚ ਵੀ ਸਕੂਲਾਂ ਅਤੇ ਯੂਨੀਵਰਸਿਟੀਆਂ ਵਿੱਚ “ਮਾਨਵਤਾ ਅਤੇ ਧਾਰਮਿਕ ਆਜ਼ਾਦੀ” ਤੇ ਸੈਮੀਨਾਰ ਅਤੇ ਚਰਚਾਵਾਂ ਹੋਣਗੀਆਂ।

Similar Posts

Leave a Reply

Your email address will not be published. Required fields are marked *