ਵਿੱਤ ਮੰਤਰੀ ਚੀਮਾ ਵੱਲੋਂ ਜੰਗਲਾਤ ਅਤੇ ਸਿੱਖਿਆ ਵਿਭਾਗ ਦੀਆਂ ਯੂਨੀਅਨਾਂ ਨਾਲ ਮੀਟਿੰਗਾਂ, ਜਾਇਜ਼ ਮੁੱਦਿਆਂ ਨੂੰ ਹੱਲ ਕਰਨ ਦਾ ਦਿੱਤਾ ਭਰੋਸਾ

0 minutes, 1 second Read

ਚੰਡੀਗੜ੍ਹ, 4 ਅਗਸਤ

ਮੁਲਾਜ਼ਮਾਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਬਣਾਈ ਗਈ ਕੈਬਨਿਟ ਸਬ-ਕਮੇਟੀ ਦੇ ਚੇਅਰਮੈਨ, ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਜੰਗਲਾਤ ਵਿਭਾਗ ਅਤੇ ਸਿੱਖਿਆ ਵਿਭਾਗ ਦੀਆਂ ਵੱਖ-ਵੱਖ ਯੂਨੀਅਨਾਂ ਨਾਲ ਮੀਟਿੰਗਾਂ ਕੀਤੀਆਂ। ਸਿੱਖਿਆ ਵਿਭਾਗ ਦੀਆਂ ਯੂਨੀਅਨਾਂ ਨਾਲ ਮੀਟਿੰਗਾਂ ਦੌਰਾਨ ਉਨ੍ਹਾਂ ਦੇ ਨਾਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਮੌਜੂਦ ਸਨ।

ਪੰਜਾਬ ਸਿਵਲ ਸਕੱਤਰੇਤ ਵਿੱਚ ਵਿੱਤ ਮੰਤਰੀ ਦੇ ਦਫ਼ਤਰ ਵਿਖੇ ਹੋਈਆਂ ਇੰਨ੍ਹਾਂ ਮੀਟਿੰਗਾਂ ਦਾ ਉਦੇਸ਼ ਯੂਨੀਅਨਾਂ ਦੁਆਰਾ ਉਠਾਈਆਂ ਗਈਆਂ ਜਾਇਜ਼ ਮੰਗਾਂ ਅਤੇ ਮੁੱਦਿਆਂ ਨੂੰ ਹੱਲ ਕਰਨਾ ਸੀ। ਮੀਟਿੰਗਾਂ ਦੌਰਾਨ, ਜੰਗਲਾਤ ਵਰਕਰਜ਼ ਯੂਨੀਅਨ, ਈ.ਟੀ.ਟੀ. ਟੈਸਟ ਪਾਸ ਅਧਿਆਪਕ ਐਸੋਸੀਏਸ਼ਨ (ਜੈ ਸਿੰਘ ਵਾਲਾ), ਮੁੜਬਹਾਲ ਕੱਚੇ ਅਧਿਆਪਕ ਯੂਨੀਅਨ, ਅਤੇ ਬੇਰੂਜਗਰ ਬੀ.ਐੱਡ ਟੀ.ਈ.ਟੀ. ਪਾਸ ਅਧਿਆਪਕ ਯੂਨੀਅਨ ਦੇ ਨੁਮਾਇੰਦਿਆਂ ਨੇ ਆਪਣੀਆਂ ਮੰਗਾਂ ਅਤੇ ਮੁੱਦੇ ਪੇਸ਼ ਕੀਤੇ।

ਜੰਗਲਾਤ ਕਰਮਚਾਰੀ ਯੂਨੀਅਨ ਨਾਲ ਮੀਟਿੰਗ ਦੌਰਾਨ, ਜੰਗਲਾਤ ਵਿਭਾਗ ਦੇ ਸਕੱਤਰ ਪ੍ਰਿਯਾਂਕ ਭਾਰਤੀ ਨੇ ਵਿੱਤ ਮੰਤਰੀ ਚੀਮਾ ਨੂੰ ਯੂਨੀਅਨ ਦੀਆਂ ਮੰਗਾਂ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ। ਵਿੱਤ ਮੰਤਰੀ ਨੇ ਯੂਨੀਅਨ ਨਾਲ ਵਿਸਥਾਰਪੂਰਵਕ ਵਿਚਾਰ-ਵਟਾਂਦਰੇ ਤੋਂ ਬਾਅਦ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਉਹ ਅਫਸਰ ਕਮੇਟੀ ਵਿੱਚ ਯੂਨੀਅਨ ਦੀਆਂ ਮੁੱਖ ਮੰਗਾਂ ‘ਤੇ ਵਿਚਾਰ ਕਰਨ ਉਪਰੰਤ ਕੈਬਨਿਟ ਸਬ-ਕਮੇਟੀ ਦੇ ਸਾਹਮਣੇ ਪ੍ਰਸਤਾਵ ਰੱਖਣ।

ਸਿੱਖਿਆ ਵਿਭਾਗ ਦੀਆਂ ਯੂਨੀਅਨਾਂ ਨਾਲ ਮੀਟਿੰਗਾਂ ਦੌਰਾਨ ਵਿੱਤ ਮੰਤਰੀ ਚੀਮਾ ਅਤੇ ਸਿੱਖਿਆ ਮੰਤਰੀ ਬੈਂਸ ਨੇ ਯੂਨੀਅਨ ਆਗੂਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਜ਼ਿਆਦਾਤਰ ਮੰਗਾਂ ਪਹਿਲਾਂ ਹੀ ਵਿਚਾਰ ਅਧੀਨ ਹਨ। ਉਨ੍ਹਾਂ ਨੇ ਸਾਰੀਆਂ ਜਾਇਜ਼ ਮੰਗਾਂ ਨੂੰ ਸਮੇਂ ਸਿਰ ਪੂਰਾ ਕਰਨ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ।

ਮੀਟਿੰਗਾਂ ਵਿੱਚ ਹੋਰਨਾਂ ਤੋਂ ਇਲਾਵਾ, ਜੰਗਲਾਤ ਵਰਕਰਜ਼ ਯੂਨੀਅਨ ਤੋਂ ਯੂਨੀਅਨ ਪ੍ਰਧਾਨ ਅਮਰੀਕ ਸਿੰਘ, ਸੀਨੀਅਰ ਮੀਤ ਪ੍ਰਧਾਨ ਰਵੀ ਕਾਂਤ ਅਤੇ ਉਪ ਪ੍ਰਧਾਨ ਸਤਨਾਮ ਸਿੰਘ, ਮੁੜਬਹਾਲ ਕੱਚੇ ਅਧਿਆਪਕ ਯੂਨੀਅਨ ਤੋਂ ਯੂਨੀਅਨ ਪ੍ਰਧਾਨ ਵਿਕਾਸ ਸਾਹਨੀ, ਉਪ ਪ੍ਰਧਾਨ ਲਖਵਿੰਦਰ ਕੌਰ ਅਤੇ ਸਕੱਤਰ ਅਮਨਦੀਪ ਕੌਰ, ਬੇਰੁਜ਼ਗਾਰ ਬੀ.ਐੱਡ ਟੀਈਟੀ ਪਾਸ ਅਧਿਆਪਕ ਯੂਨੀਅਨ ਤੋਂ ਯੂਨੀਅਨ ਪ੍ਰਧਾਨ ਜਸਵੰਤ ਸਿੰਘ, ਨਸ਼ੱਤਰ ਸਿੰਘ, ਕੁਲਦੀਪ ਸਿੰਘ, ਅਤੇ ਈਟੀਟੀ ਟੈਸਟ ਪਾਸ ਅਧਿਆਪਕ ਐਸੋਸੀਏਸ਼ਨ (ਜੈ ਸਿੰਘ ਵਾਲਾ) ਤੋਂ ਯੂਨੀਅਨ ਪ੍ਰਧਾਨ ਕਮਲ ਠਾਕੁਰ, ਜਨਰਲ ਸਕੱਤਰ ਸੋਹਣ ਸਿੰਘ ਅਤੇ ਕੈਸ਼ੀਅਰ ਗੁਰਮੁਖ ਸਿੰਘ ਸ਼ਾਮਲ ਸਨ।

Similar Posts

Leave a Reply

Your email address will not be published. Required fields are marked *