ਚੰਡੀਗੜ੍ਹ, 04 ਫਰਵਰੀ 2026: ਭਾਰਤੀ ਮੂਲ ਦੀ ਕੈਨੇਡੀਅਨ ਮੰਤਰੀ ਰਾਜਨ ਸਾਹਨੀ ਨੇ ਕਿਹਾ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਭਾਰਤ ਫੇਰੀ ਨਾਲ ਭਾਰਤ-ਕੈਨੇਡਾ ਸਬੰਧ ਮਜ਼ਬੂਤ ਹੋਣਗੇ | ਕੈਨੇਡੀਅਨ ਮੰਤਰੀ ਰਾਜਨ ਸਾਹਨੀ ਨੇ ਚੰਡੀਗੜ੍ਹ ਯੂਨੀਵਰਸਿਟੀ ਨੇ ਭਾਰਤ-ਕੈਨੇਡਾ ਦੇ ਸਿੱਖਿਆ ਸਬੰਧਾਂ ਨੂੰ ਮਜ਼ਬੂਤ ਬਣਾਉਣ ਲਈ ਦੋਵੇਂ ਦੇਸ਼ਾਂ ਦੇ ਸਿੱਖਿਅਕ ਅਦਾਰਿਆਂ ਦੀ ਭਾਈਵਾਲੀ ਦੀ ਪੇਸ਼ਕਸ਼ ਕੀਤੀ |
ਉਨ੍ਹਾਂ ਕਿਹਾ ਕਿ “ਕੈਨੇਡਾ ਚਾਹੁੰਦਾ ਹੈ ਕਿ ਭਾਰਤ ਇਹ ਜਾਣੇ ਕਿ ਅਸੀਂ ਭਰੋਸੇਮੰਦ ਭਾਈਵਾਲ ਹਾਂ ਅਤੇ ਸਾਡੇ ਸਬੰਧਾਂ ਦਾ ਭਵਿੱਖ ਸਕਾਰਾਤਮਕ ਅਤੇ ਲਾਭਕਾਰੀ ਹੈ।” ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕੈਨੇਡਾ ਦੇ ਐਲਬਰਟਾ ਸਰਕਾਰ ਦੀ ਕੈਬਨਿਟ ਮੰਤਰੀ ਰਾਜਨ ਸਾਹਨੀ ਨੇ ਚੰਡੀਗੜ੍ਹ ਯੂਨੀਵਰਸਿਟੀ ਦੀ ਆਪਣੀ ਫੇਰੀ ਦੌਰਾਨ ਕੀਤਾ। ਉਨ੍ਹਾਂ ਨੇ ਭਾਰਤ-ਕੈਨੇਡਾ ਸਬੰਧਾਂ ਨੂੰ ਦੁਬਾਰਾ ਮਜ਼ਬੂਤ ਬਣਾਉਣ ਲਈ ਵਪਾਰ, ਸਿੱਖਿਆ, ਊਰਜਾ, ਖੋਜ, ਮਹੱਤਵਪੂਰਨ ਖਣਿਜਾਂ ਅਤੇ ਹੋਰ ਖੇਤਰਾਂ ‘ਤੇ ਕੰਮ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।
ਐਲਬਰਟਾ ਸਰਕਾਰ ਦੀ ਕੈਬਨਿਟ ਮੰਤਰੀ ਸਾਹਨੀ ਚੰਡੀਗੜ੍ਹ ਯੂਨੀਵਰਸਿਟੀ ਵਿਖੇ “ਬਿਓਂਡ ਡਿਪਲੋਮੇਸੀ : ਪੀਪਲ, ਨੋਲੇਜ ਐਂਡ ਯੂਥ ਐਜ਼ ਦ ਫ਼ਿਊਚਰ ਆਫ਼ ਇੰਡੀਆ-ਕੈਨੇਡਾ ਰਿਲੇਸ਼ਨਜ਼” ਵਿਸ਼ੇ ‘ਤੇ ਕਰਵਾਏ ਪ੍ਰੋਗਰਾਮ ‘ਚ ਸੰਬੋਧਨ ਕਰ ਰਹੀ ਸੀ, ਜਿੱਥੇ ਉਹ ਇੱਕ ਉੱਚ ਪੱਧਰੀ ਕੈਨੇਡੀਅਨ ਵਫ਼ਦ ਦਾ ਹਿੱਸਾ ਸਨ। ਉਨ੍ਹਾਂ ਨੇ ਭਾਰਤ ਅਤੇ ਕੈਨੇਡਾ ਵਿਚਾਲੇ ਡੂੰਘੇ ਵਪਾਰ, ਅਕਾਦਮਿਕ, ਖੋਜ ਅਤੇ ਆਰਥਿਕ ਸਹਿਯੋਗ ਦੀਆਂ ਸੰਭਾਵਨਾਵਾਂ ਦੀ ਤਲਾਸ਼ ਕਰਨ ਲਈ ਭਾਰਤ ਦਾ ਦੌਰਾ ਕੀਤਾ ਸੀ।
ਇਸ ਸਾਲ ਮਾਰਚ ‘ਚ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਭਾਰਤ ਫੇਰੀ ਬਾਰੇ ਬੋਲਦਿਆਂ ਸਾਹਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਦੌਰਾ ਭਾਰਤ-ਕੈਨੇਡਾ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਆਰਥਿਕ ਸਹਿਯੋਗ ਦੇ ਨਵੇਂ ਖੇਤਰਾਂ ਦੀ ਪਛਾਣ ਕਰਨ ਦਾ ਇੱਕ ਮਹੱਤਵਪੂਰਨ ਮੌਕਾ ਹੈ। ਮਾਰਕ ਕਾਰਨੀ ਦਾ ਇਹ ਦੌਰਾ ਦੋਵੇਂ ਮੁਲਕਾਂ ਵਿਚਾਲੇ ਸਬੰਧਾਂ ਨੂੰ ਨਾ ਸਿਰਫ਼ ਨਵੇਂ ਸਿਰੇ ਤੋਂ ਮਜ਼ਬੂਤ ਬਣਾਵੇਗਾ, ਬਲਕਿ ਵਪਾਰਕ ਰਿਸ਼ਤਿਆਂ ਨੂੰ ਵੀ ਹੋਰ ਡੂੰਘਾ ਕਰੇਗਾ।
ਇਸ ਤੋਂ ਇਲਾਵਾ ਦੋਵੇਂ ਮੁਲਕਾਂ ਵਿਚਾਲੇ ਵਪਾਰ, ਸੱਭਿਆਚਾਰਕ ਅਤੇ ਗਿਆਨ ਦੇ ਆਦਾਨ ਪ੍ਰਦਾਨ ਲਈ ਬਹੁਤ ਸੰਭਾਵਨਾਵਾਂ ਹਨ, ਮੈਨੂੰ ਉਮੀਦ ਹੈ ਕਿ ਦੋਵਾਂ ਪ੍ਰਧਾਨ ਮੰਤਰੀਆਂ ਵਿਚਕਾਰ ਇਹ ਮਿਲਣੀ ਫਲਦਾਇਕ ਅਤੇ ਅਗਾਂਹਵਧੂ ਹੋਵੇਗੀ।” ਜਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਭਾਰਤ ਫੇਰੀ ਦਾ ਐਲਾਨ ਅਜਿਹੇ ਸਮੇਂ ‘ਤੇ ਕੀਤਾ ਗਿਆ ਹੈ, ਜਦੋਂ ਭਾਰਤ ਨੇ ਯੂਰੋਪ ਨਾਲ ਇਤਿਹਾਸ ਦਾ ਸਭ ਤੋਂ ਵੱਡਾ ਵਪਾਰਕ ਸਮਝੌਤਾ ਕੀਤਾ ਹੈ।
ਖੋਜ, ਊਰਜਾ ਅਤੇ ਸਥਿਰਤਾ ਦੇ ਮੁੱਦੇ ‘ਤੇ ਬੋਲਦਿਆਂ ਕੈਨੇਡੀਅਨ ਮੰਤਰੀ ਨੇ ਭਾਰਤੀ ਅਤੇ ਕੈਨੇਡੀਅਨ ਯੂਨੀਵਰਸਿਟੀਆਂ ਵਿਚਾਲੇ ਖਾਸ ਕਰਕੇ ਊਰਜਾ, ਡੀਕਾਰਬਨਾਈਜ਼ੇਸ਼ਨ, ਸਥਿਰਤਾ, ਏਆਈ, ਕੁਆਂਟਮ ਤਕਨਾਲੋਜੀ ਅਤੇ ਖੇਤੀਬਾੜੀ-ਤਕਨਾਲੋਜੀ ਦੇ ਖੇਤਰਾਂ ‘ਚ ਸੰਸਥਾਗਤ ਸਹਿਯੋਗ ਦੇ ਵਧ ਰਹੇ ਦਾਇਰੇ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪੋਸਟ-ਸੈਕੰਡਰੀ ਸੰਸਥਾਵਾਂ ਵਿਚਾਲੇ ਮਜ਼ਬੂਤ ਸਬੰਧ ਸਥਾਪਤ ਕਰਨਾ ਅਰਥਪੂਰਨ ਖੋਜ ਭਾਈਵਾਲੀ ਵੱਲ ਪਹਿਲਾ ਕਦਮ ਹੈ।
ਸਾਹਨੀ ਨੇ ਕਿਹਾ, “ਇੱਕ ਵਾਰ ਯੂਨੀਵਰਸਿਟੀਆਂ ਵਿਚਕਾਰ ਸਬੰਧ ਸਥਾਪਤ ਹੋਣ ਤੋਂ ਬਾਅਦ, ਕੁਦਰਤੀ ਕਈ ਨਵੇਂ ਮੌਕੇ ਪੈਦਾ ਹੋ ਜਾਂਦੇ ਹਨ।” ਖੋਜ ਲਈ ਸ਼ੁਰੂਆਤੀ ਫੰਡਿੰਗ ਅਕਸਰ ਨਾ ਸਿਰਫ਼ ਸਰਕਾਰਾਂ ਤੋਂ ਆਉਂਦੀ ਹੈ, ਸਗੋਂ ਯੂਨੀਵਰਸਿਟੀਆਂ, ਨਿੱਜੀ ਖੇਤਰ ਦੀਆਂ ਕੰਪਨੀਆਂ, ਗੈਰ-ਮੁਨਾਫ਼ਾ ਸੰਗਠਨਾਂ ਅਤੇ ਹੋਰ ਏਜੰਸੀਆਂ ਤੋਂ ਵੀ ਆਉਂਦੀ ਹੈ। ਕੈਨੇਡੀਅਨ ਸੰਸਥਾਵਾਂ ਸਹੀ ਗਲੋਬਲ ਭਾਈਵਾਲਾਂ ਦੀ ਤਲਾਸ਼ ‘ਚ ਹਨ।”
ਇਸ ਦੌਰਾਨ, ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ, ਦੀਪ ਇੰਦਰ ਸਿੰਘ ਸੰਧੂ ਨੇ ਕੈਨੇਡੀਅਨ ਮੰਤਰੀ ਨੂੰ ਅਕਾਦਮਿਕ, ਖੋਜ ਅਤੇ ਨਵੀਨਤਾ, ਸਾਫ਼ ਊਰਜਾ ਅਤੇ ਸਥਿਰਤਾ ਦੇ ਖੇਤਰਾਂ ਵਿੱਚ ਸਹਿਯੋਗ ਦੀ ਪੇਸ਼ਕਸ਼ ਕੀਤੀ।
ਇਸ ਪੇਸ਼ਕਸ਼ ਦੇ ਜਵਾਬ ‘ਚ ਸਾਹਨੀ ਨੇ ਕਿਹਾ, “ਅਸੀਂ ਇਸ ਨੂੰ ਮਜ਼ਬੂਤ ਸਿੱਖਿਅਕ ਸਬੰਧਾਂ ਰਾਹੀਂ ਅੱਗੇ ਤੋਰਾਂਗੇ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਨਾਲ ਮਿਲ ਕੇ ਕੰਮ ਕਰਾਂਗੇ। CCUS ਭਵਿੱਖ ਹੈ, ਅਤੇ ਕੈਨੇਡਾ ਦੀਆਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਪਹਿਲਾਂ ਹੀ ਜਲਵਾਯੂ ਚੁਣੌਤੀਆਂ ਨੂੰ ਹੱਲ ਕਰਨ ਲਈ ਕਾਰਬਨ ਕੈਪਚਰ, ਉਪਯੋਗਤਾ ਅਤੇ ਸਟੋਰੇਜ ਤਕਨਾਲੋਜੀਆਂ ‘ਤੇ ਸਰਗਰਮੀ ਨਾਲ ਕੰਮ ਕਰ ਰਹੀਆਂ ਹਨ। ਇਸ ਤੋਂ ਇਲਾਵਾ, ਸਾਫ਼ ਊਰਜਾ, ਸਥਿਰਤਾ, ਨਕਲੀ ਬੁੱਧੀ, ਖੇਤੀਬਾੜੀ-ਤਕਨਾਲੋਜੀ, ਅਤੇ ਉੱਨਤ ਖੋਜ ‘ਚ ਸਹਿਯੋਗ ਲਈ ਬਹੁਤ ਜ਼ਿਆਦਾ ਸੰਭਾਵਨਾਵਾਂ ਹਨ, ਜਿੱਥੇ ਸਾਡੇ ਸਿੱਖਿਅਕ ਅਦਾਰੇ ਇੱਕ ਦੂਜੇ ਤੋਂ ਸਿੱਖ ਸਕਦੇ ਹਨ।”
ਕੌਮਾਂਤਰੀ ਸਿੱਖਿਆ ਦੇ ਵਿਸ਼ੇ ‘ਤੇ ਬੋਲਦਿਆਂ, ਕੈਨੇਡੀਅਨ ਮੰਤਰੀ ਨੇ ਕਿਹਾ, “ਕੈਨੇਡਾ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕੋਟੇ ਦੀ ਪੂਰੀ ਵਰਤੋਂ ਨਹੀਂ ਕੀਤੀ ਹੈ ਅਤੇ ਭਾਰਤੀ ਵਿਦਿਆਰਥੀ ਅਜੇ ਵੀ ਅਪਲਾਈ ਕਰ ਸਕਦੇ ਹਨ। ਹੁਣ ਵਿਦਿਆਰਥੀਆਂ ਦੀਆਂ ਤਰਜੀਹਾਂ ਬਦਲ ਰਹੀਆਂ ਹਨ, ਉਹ ਆਸਟ੍ਰੇਲੀਆ ਵਰਗੇ ਦੇਸ਼ਾਂ ਵਿੱਚ ਜ਼ਿਆਦਾ ਦਿਲਚਸਪੀ ਦਿਖਾ ਰਹੇ ਹਨ, ਪਰ ਕੈਨੇਡਾ ‘ਚ ਕਈ ਮੌਕੇ ਮੌਜੂਦ ਹਨ।
ਭਾਰਤੀ ਵਿਦਿਆਰਥੀ ਕੈਨੇਡਾ ਵਿੱਚ ਉੱਚ-ਗੁਣਵੱਤਾ ਵਾਲੀ ਸਿੱਖਿਆ ਪ੍ਰਾਪਤ ਕਰਦੇ ਹਨ ਅਤੇ ਉਹ ਉਸ ਗਿਆਨ, ਤਕਨਾਲੋਜੀ ਅਤੇ ਸਿੱਖਿਆ ਨੂੰ ਪੰਜਾਬ ਅਤੇ ਭਾਰਤ ‘ਚ ਵਾਪਸ ਲਿਆ ਸਕਦੇ ਹਨ। ਇਸ ਤੋਂ ਇਲਾਵਾ, ਚੰਡੀਗੜ੍ਹ ਯੂਨੀਵਰਸਿਟੀ ਵਰਗੇ ਅਦਾਰੇ ਭਾਰਤ ਵਿੱਚ ਪ੍ਰਤਿਭਾ ਨੂੰ ਬਰਕਰਾਰ ਰੱਖਣ ਵਿੱਚ ਬਰਾਬਰ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।”
ਚੰਡੀਗੜ੍ਹ, ਮੁੰਬਈ ਅਤੇ ਬੰਗਲੁਰੂ ਵਰਗੇ ਭਾਰਤੀ ਸ਼ਹਿਰਾਂ ‘ਚ ਵੀਜ਼ਾ ਸੇਵਾਵਾਂ ਨੂੰ ਮੁਅੱਤਲ ਕਰਨ ਬਾਰੇ ਜਾਣਕਾਰੀ ਦਿੰਦਿਆਂ ਸਾਹਨੀ ਨੇ ਕਿਹਾ, “ਅਸੀਂ ਇਸ ਮੁੱਦੇ ਨੂੰ ਕੈਨੇਡਾ ਦੀ ਸਰਕਾਰ ਸਾਹਮਣੇ ਚੁੱਕਿਆ ਜਾਵੇਗਾ ਅਤੇ ਭਾਰਤੀ ਵਿਦਿਆਰਥੀਆਂ ਅਤੇ ਨੌਕਰੀਪੇਸ਼ਾ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਸੰਭਵ ਉਪਰਾਲੇ ਕੀਤੇ ਜਾਣਗੇ।”
ਨਸਲੀ ਵਿਤਕਰੇ ‘ਤੇ ਸਾਹਨੀ ਨੇ ਕਿਹਾ, “ਇਹ ਇੱਕ ਚੁਣੌਤੀ ਹੈ ਜੋ ਪੂਰੀ ਦੁਨੀਆ ‘ਚ ਮੌਜੂਦ ਹੈ, ਪਰ ਕੈਨੇਡੀਅਨ ਸਰਕਾਰ ਦੀ ਅਜਿਹੇ ਵਿਤਕਰੇ ਵਿਰੁੱਧ ਜ਼ੀਰੋ-ਟੌਲਰੈਂਸ ਨੀਤੀ ਹੈ।” ਪੰਜਾਬ ਦੇ ਫਗਵਾੜਾ ‘ਚ ਆਪਣੀਆਂ ਭਾਰਤੀ ਜੜ੍ਹਾਂ ਬਾਰੇ ਬੋਲਦਿਆਂ, ਸਾਹਨੀ ਨੇ ਕਿਹਾ, “25 ਸਾਲਾਂ ਬਾਅਦ ਫਗਵਾੜਾ ਨੇੜੇ ਆਪਣੇ ਜੱਦੀ ਪਿੰਡ ਦਾ ਦੌਰਾ ਕਰਨਾ ਇੱਕ ਭਾਵਨਾਤਮਕ ਪਲ ਸੀ, ਅਤੇ ਇਸ ਜਗ੍ਹਾ ‘ਤੇ ਮੈਨੂੰ ਮਿਲੇ ਪਿਆਰ ਅਤੇ ਸਤਿਕਾਰ ਤੋਂ ਮੈਂ ਬਹੁਤ ਪ੍ਰਭਾਵਿਤ ਹੋਈ। 2023 ‘ਚ ਮੈਂ ਆਪਣੇ ਬੱਚਿਆਂ ਨੂੰ ਆਪਣਾ ਪਰਿਵਾਰਕ ਘਰ ਦਿਖਾਉਣ ਲਈ ਚੰਡੀਗੜ੍ਹ ਵੀ ਲੈ ਆਈ ਸੀ।”
ਕੈਨੇਡਾ ‘ਚ ਵੱਸਦੇ ਪੰਜਾਬੀਆਂ ਬਾਰੇ ਬੋਲਦਿਆਂ ਸਾਹਨੀ ਨੇ ਕਿਹਾ, “ਕੈਨੇਡਾ ਨਾ ਸਿਰਫ਼ ਪੰਜਾਬੀਆਂ ਲਈ ਦੂਜਾ ਘਰ ਬਣ ਗਿਆ ਹੈ, ਸਗੋਂ ਪੰਜਾਬੀਆਂ ਨੇ ਆਪਣੀ ਮਿਹਨਤ, ਹਿੰਮਤ ਅਤੇ ਕੈਨੇਡਾ ‘ਚ ਯੋਗਦਾਨ ਰਾਹੀਂ ਇਹ ਰੁਤਬਾ ਹਾਸਲ ਕੀਤਾ ਹੈ। ਭਾਰਤੀ ਭਾਈਚਾਰੇ, ਖਾਸ ਕਰਕੇ ਪੰਜਾਬੀਆਂ ਨੇ ਕੈਨੇਡਾ ਦੇ ਵਿਕਾਸ ‘ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਜੇਕਰ ਤੁਸੀਂ ਕੈਨੇਡਾ ਦੇ ਸਾਰੇ ਖੇਤਰਾਂ ‘ਚ ਟੈਲੇਂਟ ਪੂਲ ਨੂੰ ਦੇਖਦੇ ਹੋ, ਤਾਂ ਪੰਜਾਬੀ ਸਭ ਤੋਂ ਮਜ਼ਬੂਤ ਅਤੇ ਸਭ ਤੋਂ ਵੱਧ ਦਿਖਾਈ ਦੇਣ ਵਾਲੇ ਭਾਈਚਾਰਿਆਂ ‘ਚੋਂ ਇੱਕ ਹਨ।”
