ਸਿੱਖਿਆ ਮੰਤਰੀ ਬੈਂਸ ਵੱਲੋਂ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਵਿਦਿਆਰਥੀਆਂ ਨੂੰ ਵਧਾਈ

0 minutes, 0 seconds Read

ਚੰਡੀਗੜ੍ਹ, 14 ਮਈ:

ਪੰਜਾਬ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐਸ.ਈ.ਬੀ.) ਵੱਲੋਂ ਅੱਜ ਐਲਾਨੇ ਗਏ ਬਾਰ੍ਹਵੀਂ ਜਮਾਤ ਦੀ ਬੋਰਡ ਦੀਆਂ ਪ੍ਰੀਖਿਆਵਾਂ ਦੇ ਸ਼ਾਨਦਾਰ ਨਤੀਜਿਆਂ ਲਈ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਬਿਹਤਰੀਨ ਵਿਦਿਅਕ ਕਾਰਗੁਜ਼ਾਰੀ ਪ੍ਰਤੀ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਲਗਨ ਅਤੇ ਵਚਨਬੱਧਤਾ ਦੀ ਸ਼ਲਾਘਾ ਕੀਤੀ।

ਸਿੱਖਿਆ ਮੰਤਰੀ ਨੇ ਬਾਰ੍ਹਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਵਿੱਚ ਸਰਬੋਤਮ ਪ੍ਰਦਰਸ਼ਨ ਕਰਨ ਵਾਲੀਆਂ ਲੜਕੀਆਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿਦਿਆ ਮੰਦਰ, ਬਰਨਾਲਾ ਦੀ ਹਰਸੀਰਤ ਕੌਰ ਨੇ 500 ‘ਚੋਂ 500 ਅੰਕ ਹਾਸਲ ਕਰਕੇ ਸੂਬੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਐਸ.ਐਸ. ਮੈਮੋਰੀਅਲ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਕੱਸੋਆਣਾ (ਫਿਰੋਜ਼ਪੁਰ) ਦੀ ਮਨਵੀਰ ਕੌਰ ਨੇ 500 ‘ਚੋਂ 498 ਅੰਕ ਹਾਸਲ ਕਰਕੇ ਦੂਜਾ ਸਥਾਨ ਅਤੇ ਸ੍ਰੀ ਤਾਰਾ ਚੰਦ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ, ਭੀਖੀ (ਮਾਨਸਾ) ਦੀ ਅਰਸ਼ ਨੇ 500 ‘ਚੋਂ 498 ਅੰਕ ਹਾਸਲ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਦਿਆਰਥਣਾਂ ਦੀ ਸ਼ਾਨਦਾਰ ਵਿਦਿਅਕ ਕਾਰਗੁਜ਼ਾਰੀ ਪ੍ਰਤੀ ਦ੍ਰਿੜ੍ਹਤਾ ਅਤੇ ਵਚਨਬੱਧਤਾ ਸੱਚਮੁੱਚ ਰੰਗ ਲਿਆਈ ਹੈ, ਜੋ ਹੋਰਨਾਂ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਹੈ।

ਦੱਸਣਯੋਗ ਹੈ ਕਿ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਲੜਕੀਆਂ ਨੇ 94.32 ਫ਼ੀਸਦੀ ਪਾਸ ਦਰ ਨਾਲ ਬਿਹਤਰੀਨ ਪ੍ਰਦਰਸ਼ਨ ਕਰਕੇ ਲੜਕਿਆਂ ਨੂੰ ਪਛਾੜਿਆ ਹੈ।

ਇਹਨਾਂ ਨਤੀਜਿਆਂ ਨੂੰ ਪ੍ਰਸ਼ੰਸਾਯੋਗ ਦੱਸਦਿਆਂ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਕੁੱਲ 2,65,388 ਰੈਗੂਲਰ ਵਿਦਿਆਰਥੀ ਅਤੇ 12,571 ਓਪਨ ਸਕੂਲ ਦੇ ਵਿਦਿਆਰਥੀ ਪ੍ਰੀਖਿਆ ਵਿੱਚ ਬੈਠੇ ਸਨ। ਨਤੀਜਿਆਂ ਵਿੱਚ ਰੈਗੂਲਰ ਅਤੇ ਓਪਨ ਸਕੂਲ ਦੇ ਵਿਦਿਆਰਥੀ ਕ੍ਰਮਵਾਰ 91 ਫ਼ੀਸਦ ਅਤੇ 68.24 ਫ਼ੀਸਦੀ ਦਰ ਨਾਲ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਹੈ।

ਇਹ ਸ਼ਾਨਦਾਰ ਪ੍ਰਾਪਤੀ ਇਨ੍ਹਾਂ ਨੌਜਵਾਨ ਵਿਦਿਆਰਥੀਆਂ ਦੇ ਸਮਰਪਣ, ਅਣਥੱਕ ਮਿਹਨਤ ਅਤੇ ਜਨੂੰਨ ਦਾ ਨਤੀਜਾ ਹੈ। ਸਿੱਖਿਆ ਮੰਤਰੀ ਨੇ ਇਹਨਾਂ ਵਿਦਿਆਰਥੀਆਂ ਦੀ ਬਿਹਤਰੀਨ ਕਾਰਗੁਜ਼ਾਰੀ ਵਿੱਚ ਉਨ੍ਹਾਂ ਨੇ ਮਾਪਿਆਂ ਅਤੇ ਅਧਿਆਪਕਾਂ ਦੁਆਰਾ ਪਾਏ ਗਏ ਵਿਸ਼ੇਸ਼ ਯੋਗਦਾਨ ਦੀ ਵੀ ਸ਼ਲਾਘਾ ਕੀਤੀ।

Similar Posts

Leave a Reply

Your email address will not be published. Required fields are marked *